ਤਾਲਿਬਾਨ ਕਮਾਂਡਰ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ 'ਤੇ ਗੋਲੀਬਾਰੀ ਵਿਰੁੱਧ ਦਿੱਤੀ ਚਿਤਾਵਨੀ
Sunday, Dec 26, 2021 - 01:24 PM (IST)
ਕਾਬੁਲ (ਆਈ.ਏ.ਐੱਨ.ਐੱਸ.): ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੇ ਚੋਟੀ ਦੇ ਇਕ ਫ਼ੌਜੀ ਕਮਾਂਡਰ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਵੱਲ ਗੋਲੀਬਾਰੀ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਇਸਲਾਮਾਬਾਦ ਨਾ ਰੁਕਿਆ ਤਾਂ ਕਾਬੁਲ ਜਵਾਬ ਦੇਣ ਲਈ ਤਿਆਰ ਹੈ।ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ 201 ਖਾਲਿਦ ਬਿਨ ਵਲੀਦ ਕੋਰ ਦੇ ਕਮਾਂਡਰ ਅਬੂ ਡੋਜਾਨਾ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧਾਂ ਦੀ ਮੰਗ ਕਰਨ ਦੇ ਬਾਵਜੂਦ ਤਾਲਿਬਾਨ ਦੀਆਂ ਫੌਜਾਂ ਕੋਲ ਕਿਸੇ ਵੀ ਉਕਸਾਵੇ ਦੀ ਸਥਿਤੀ ਵਿੱਚ ਅਫਗਾਨਿਸਤਾਨ ਦੀ ਰੱਖਿਆ ਕਰਨ ਲਈ ਫ਼ੌਜੀ ਉਪਕਰਣ ਵੀ ਹਨ।ਉਨ੍ਹਾਂ ਨੇ ਕਿਹਾ ਕਿ ਇਹ ਕੀਮਤੀ ਮਿੱਟੀ ਹੈ। ਅਸੀਂ ਇਸ ਲਈ ਵੱਡੀ ਕੁਰਬਾਨੀ ਦਿੱਤੀ ਹੈ। ਅਸੀਂ ਚੰਗੇ ਗੁਆਂਢੀ ਬਣਨਾ ਚਾਹੁੰਦੇ ਹਾਂ ਪਰ ਜੇਕਰ ਉਹ ਸਾਡੀ ਧਰਤੀ 'ਤੇ ਹਮਲਾ ਕਰਦੇ ਰਹਿਣਗੇ ਤਾਂ ਅਸੀਂ ਉਨ੍ਹਾਂ ਨੂੰ ਨਿਸ਼ਚਿਤ ਤੌਰ 'ਤੇ ਜ਼ਰੂਰ ਜਵਾਬ ਦੇਵਾਂਗੇ।ਕਮਾਂਡਰ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਕੁਨਾਰ ਦੇ ਵਸਨੀਕਾਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਪਿਛਲੇ ਦੋ ਹਫ਼ਤਿਆਂ ਤੋਂ ਸੂਬੇ ਦੇ ਕਈ ਹਿੱਸਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ‘ਸਰਹੱਦ ’ਤੇ ਵਾੜਬੰਦੀ’ ਨੂੰ ਲੈ ਕੇ ਆਪਸ ’ਚ ਭਿੜੇ ਪਾਕਿ ਤੇ ਤਾਲਿਬਾਨ
ਟੋਲੋ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਨਾਰ ਵਿੱਚ ਸ਼ਿਲਤਾਨ ਜ਼ਿਲ੍ਹੇ ਦੇ ਚੋਗਾਮ ਖੇਤਰ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਮੋਰਟਾਰ ਦਾਗੇ ਜਾਣ ਕਾਰਨ ਘੱਟੋ-ਘੱਟ ਇੱਕ ਨਾਗਰਿਕ ਵੀ ਜ਼ਖਮੀ ਹੋ ਗਿਆ।ਚੋਗਾਮ ਇਲਾਕਾ ਡੂਰੰਡ ਲਾਈਨ ਦੇ ਨਾਲ-ਨਾਲ ਚੱਲਦਾ ਹੈ ਜੋ ਅਫਗਾਨਿਸਤਾਨ-ਪਾਕਿਸਤਾਨ ਸਰਹੱਦ ਬਣਾਉਂਦਾ ਹੈ।ਟੋਲੋ ਨਿਊਜ਼ ਨੇ ਜ਼ਖਮੀ ਵਿਅਕਤੀ ਅਨਵਰ ਸ਼ਾਹ ਦੇ ਹਵਾਲੇ ਨਾਲ ਦੱਸਿਆ ਕਿ ਉਹ ਮੋਰਟਾਰ ਨਾਲ ਜ਼ਖਮੀ ਹੋ ਗਿਆ ਸੀ, ਇੱਕ ਟੁੱਕੜਾ ਉਸ ਦੇ ਸਿਰ ਵਿੱਚ ਵੱਜਿਆ ਸੀ। ਉਸ ਨੂੰ ਰਾਤ ਨੂੰ ਅਸਦਾਬਾਦ ਲਿਜਾਇਆ ਗਿਆ ਅਤੇ ਉਹ ਦੋ ਦਿਨਾਂ ਤੱਕ ਹਸਪਤਾਲ ਵਿੱਚ ਰਿਹਾ। ਉੱਧਰ ਕੁਝ ਵਸਨੀਕਾਂ ਨੇ ਸੂਬੇ 'ਚ ਪਾਕਿਸਤਾਨੀ ਡਰੋਨ ਚਲਦੇ ਦੇਖਣ ਦਾ ਦਾਅਵਾ ਵੀ ਕੀਤਾ ਹੈ।ਸ਼ਿਲਤਾਨ ਜ਼ਿਲੇ ਦੇ ਨਿਵਾਸੀ ਸਲਮਾਨ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਾਡੇ 'ਤੇ ਹਮਲਾ ਕੀਤਾ ਜਾ ਰਿਹਾ ਹੈ। ਬੱਚੇ ਅਤੇ ਔਰਤਾਂ ਸਮੇਤ ਹਰ ਕੋਈ ਪਰੇਸ਼ਾਨੀ 'ਚ ਹੈ।