ਕਾਬੁਲ ਹਸਪਤਾਲ ’ਤੇ IS ਦੇ ਹਮਲੇ ’ਚ ਮਾਰਿਆ ਗਿਆ ਤਾਲਿਬਾਨ ਦਾ ਕਮਾਂਡਰ ਮੁਖਲਿਸ

11/03/2021 4:51:12 PM

ਕਾਬੁਲ (ਵਾਰਤਾ): ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਫ਼ੌਜੀ ਹਸਪਤਾਲ ਵਿਚ ਹੋਏ ਅੱਤਵਾਦੀ ਹਮਲੇ ਵਿਚ ਤਾਲਿਬਾਨੀ ਕਮਾਂਡਰਾਂ ਵਿਚੋਂ ਇਕ ਹਮਦੁੱਲਾ ਮੁਖਲਿਸ ਦੀ ਮੌਤ ਹੋ ਗਈ ਹੈ। ਇਕ ਸੂਤਰ ਨੇ ਬੁੱਧਵਾਰ ਨੂੰ ਇਕ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਫ਼ੌਜੀ ਹਸਪਤਾਲ ਸਰਦਾਰ ਮੁਹੰਮਦ ਦਾਊਦ ਖਾਨ ਰਾਸ਼ਟਰੀ ਫ਼ੌਜੀ ਹਸਪਤਾਲ ਵਿਚ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਵੱਲੋਂ ਕੀਤੇ ਗਏ ‘ਫਿਦਾਇਨ’ ਹਮਲੇ ਵਿਚ ਲੱਗਭਗ 25 ਲੋਕ ਮਾਰੇ ਗਏ ਹਨ ਅਤੇ 50 ਹੋਰ ਜ਼ਖ਼ਮੀ ਹੋਏ ਹਨ। ਸੂਤਰ ਨੇ ਦੱਸਿਆ ਕਿ ਕਾਬੁਲ ਕੋਰ ਦਾ ਕਮਾਂਡਰ ਹਮਦੁੱਲਾ (ਮੁਖਲਿਸ) ਵੀ ਆਈ.ਐਸ. ਦੇ ਹਮਲੇ ਵਿਚ ਮਾਰਿਆ ਗਿਆ ਹੈ। ਤਾਲਿਬਾਨ ਨੇ ਹਾਲਾਂਕਿ ਮੁਖਲਿਸ ਦੀ ਮੌਤ ਤੋਂ ਇਨਕਾਰ ਕੀਤਾ ਹੈ।

ਅਗਸਤ ਵਿਚ ਤਾਲਿਬਾਨ ਵੱਲੋਂ ਕਾਬੁਲ ਵਿਚ ਸੱਤਾ ’ਤੇ ਕਾਬਜ਼ ਹੋਣ ਦੇ ਮਾਮਲੇ ਵਿਚ ਮੁਖਲਿਸ ਦੀ ਅਹਿਮ ਭੂਮਿਕਾ ਰਹੀ ਹੈ। ਅਫ਼ਗਾਨਿਸਤਾਨ ’ਤੇ ਕੰਟਰੋਲ ਦੀ ਦੌੜ ਵਿਚ ਸ਼ਾਮਲ ਆਈ.ਐਸ. ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਨੰਗਰਹਾਰ ਖੇਤਰ ਵਿਚ ਸਾਲਾਂ ਤੋਂ ਕੰਮ ਕਰ ਰਿਹਾ ਹੈ ਅਤੇ ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ਸੱਤਾ ਦੀ ਕਮਾਨ ਸੰਭਾਲੀ ਹੈ, ਉਦੋਂ ਤੋਂ ਦੇਸ਼ ਭਰ ਵਿਚ ਹਮਲਿਆਂ ਵਿਚ ਵਾਧਾ ਹੋਇਆ ਹੈ।
 


cherry

Content Editor

Related News