ਤਾਲਿਬਾਨ ਦੀ ਬੇਰਹਿਮੀ - ਅਮਰੀਕਾ ਦੀ ਮਦਦ ਕਰਨ ਵਾਲੇ 500 ਸਰਕਾਰੀ ਅਧਿਕਾਰੀ ਕੀਤੇ ਕਤਲ
Friday, Apr 15, 2022 - 12:26 PM (IST)
ਕਾਬੁਲ - ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਇਕ ਸਮਾਵੇਸ਼ੀ ਸਰਕਾਰ ਬਣਾਉਣ ਦਾ ਵਾਅਦਾ ਕਰਨ ਵਾਲੀ ਤਾਲਿਬਾਨ ਸਰਕਾਰ ਦੀ ਬੇਰਹਿਮੀ ਜਾਰੀ ਹੈ। ਕਾਬਿਲ ਵਿਚ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ 500 ਸਾਬਕਾ ਸਰਕਾਰੀ ਅਧਿਕਾਰੀਆਂ, ਫੌਜੀ ਕਰਮਚਾਰੀਆਂ ਨੂੰ ਤਾਲਿਬਾਨ ਦੁਆਰਾ ਮਾਰਿਆ ਜਾਂ ਅਗਵਾ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਬਾਰੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਮਦਦ ਕੀਤੀ ਸੀ।
ਨਿਊਯਾਰਕ ਟਾਈਮਜ਼ ਦੀ ਇੱਕ ਜਾਂਚ ਅਨੁਸਾਰ, ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਦੇ ਛੇ ਮਹੀਨਿਆਂ ਦੇ ਅੰਦਰ ਲਗਭਗ 500 ਸਾਬਕਾ ਰਾਜ ਅਧਿਕਾਰੀ ਅਤੇ ਫੌਜੀ ਕਰਮਚਾਰੀ ਜਾਂ ਤਾਂ ਮਾਰੇ ਗਏ ਸਨ ਜਾਂ ਜ਼ਬਰਦਸਤੀ ਗਾਇਬ ਹੋ ਗਏ ਸਨ। ਰਿਪੋਰਟਾਂ ਅਨੁਸਾਰ ਸਿਰਫ ਬਾਗਲਾਨ ਰਾਜ ਵਿੱਚ 86 ਕਤਲਾਂ ਦੀ ਪੁਸ਼ਟੀ ਹੋਈ ਹੈ। ਕੰਧਾਰ 'ਚ 114 ਲੋਕ ਲਾਪਤਾ ਹਨ।ਖਬਰਾਂ ਮੁਤਾਬਕ ਤਾਲਿਬਾਨ ਨੇ ਫੌਜੀਆਂ ਨੂੰ ਮੁਆਫ ਕਰਨ ਦੇ ਨਾਂ 'ਤੇ ਲਾਲਚ ਦਿੱਤਾ। ਉਨ੍ਹਾਂ ਨੂੰ ਸਥਾਨਕ ਪੁਲਿਸ ਹੈੱਡਕੁਆਰਟਰ ਬੁਲਾਇਆ ਗਿਆ ਅਤੇ ਲੋਕਾਂ ਦੀ ਕੁੱਟਮਾਰ ਕੀਤੀ ਗਈ। ਕਈਆਂ ਨੂੰ ਮਾਰਦੇ-ਮਾਰਦੇ ਮੌਤ ਦੇ ਘਾਟ ਉਤਾਰ ਦਿੱਤਾ। ਕੁਝ ਨੂੰ ਇਹ ਕਹਿ ਕੇ ਖੂਹ ਵਿੱਚ ਸੁੱਟ ਦਿੱਤਾ ਕਿ ਤੁਸੀਂ ਕਈ ਸਾਲਾਂ ਤੋਂ ਸਾਡੇ ਖ਼ਿਲਾਫ਼ ਲੜੇ ਅਤੇ ਸਾਡੇ ਕਈ ਬਿਹਤਰੀਨ ਲੋਕਾਂ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਬਰਿਸਤਾਨਾਂ 'ਚ ਨਹੀਂ ਮਿਲ ਰਹੀ ਜਗ੍ਹਾ! ਲਾਸ਼ ਨੂੰ ਦਫ਼ਨਾਉਣ ਲਈ ਲੈਣਾ ਪੈ ਰਿਹੈ 'ਮਾਫ਼ੀਆ' ਦਾ ਸਹਾਰਾ
ਇਹ ਗੱਲਾਂ ਇਕ ਸਾਬਕਾ ਅਫ਼ਗਾਨ ਫੌਜੀ ਕਮਾਂਡਰ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸੀ। ਇਹ ਜ਼ੁਲਮ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਨੇ ਸਰਕਾਰੀ ਮੁਲਾਜ਼ਮਾਂ ਦੇ ਡਾਟਾ ਦੀ ਪੁਸ਼ਟੀ ਲਈ ਕਈ ਢੰਗਾਂ ਦਾ ਇਸਤੇਮਾਲ ਕੀਤਾ ਅਤੇ ਕਈ ਮਹੀਨਿਆਂ ਤੱਕ ਜਾਂਚ ਕੀਤੀ। ਜਾਂਚ ਵਿਚ ਫੋਰੈਂਸਿਕ ਵੀਡੀਓ ਜਾਂਚ, ਸਥਾਨਕ ਮੀਡੀਆ ਰਿਪੋਰਟਾਂ ਅਤੇ ਪੀੜਤਾਂ, ਗਵਾਹਾਂ ਅਤੇ ਪੀੜਤਾ ਦੇ ਪਰਿਵਾਰਾਂ ਦੇ ਮੈਂਬਰਾਂ ਨਾਲ ਗੱਲਬਾਤ ਸ਼ਾਮਲ ਹੈ।
ਹਾਲਾਂਕਿ ਤਾਲਿਬਾਨ ਨੇ ਅਧਿਕਾਰੀਆਂ ਦੀ ਹੱਤਿਆਵਾਂ ਨੂੰ ਲੈ ਕੇ ਲਗਾਤਾਰ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹੈ। ਤਾਲਿਬਾਨ ਦੇ ਬੁਲਾਰੇ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਲੈ ਕੇ ਦੁਨੀਆ ਨੂੰ ਗੁੰਮਰਾਹ ਕਰਨ ਲਈ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਾਬੁਲ ਵਿਚ ਤਾਲਿਬਾਨ ਦੇ ਆਉਣ ਤੋਂ ਬਾਅਦ ਤੋਂ ਅਫ਼ਗਾਨਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਵਿਗੜ ਗਈ ਹੈ। ਹਜ਼ਾਰਾਂ ਅਫ਼ਗਾਨ ਨਾਗਰਿਕ ਜਵਾਬੀ ਕਾਰਵਾਈ ਦੇ ਡਰੋਂ ਦੇਸ਼ ਛੱਡ ਗਏ ਹਨ।
ਇਹ ਵੀ ਪੜ੍ਹੋ : ਵਿਸ਼ਵ ਬੈਂਕ ਨੇ ਪਾਕਿਸਤਾਨ ਦੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 4.3% ਕੀਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।