ਤਾਲਿਬਾਨ ਨੇ ਗਲਤ ਕੰਮਾਂ ਨੂੰ ਰੋਕਣ ਲਈ ‘ਵਾਈ-ਫਾਈ’ ’ਤੇ ਲਾਈ ਪਾਬੰਦੀ
Wednesday, Sep 17, 2025 - 03:39 AM (IST)

ਜਲਾਲਾਬਾਦ (ਭਾਸ਼ਾ) – ਤਾਲਿਬਾਨ ਨੇਤਾ ਨੇ ਗਲਤ ਕੰਮਾਂ ਨੂੰ ਰੋਕਣ ਲਈ ਅਫਗਾਨਿਸਤਾਨ ਦੇ ਬਲਖ ਸੂਬੇ ’ਚ ‘ਫਾਈਬਰ ਆਪਟਿਕ ਇੰਟਰਨੈੱਟ’ ’ਤੇ ਪਾਬੰਦੀ ਲਗਾ ਦਿੱਤੀ ਹੈ। ਅਗਸਤ 2021 ਵਿਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਅਜਿਹੀ ਪਾਬੰਦੀ ਲਗਾਈ ਗਈ ਹੈ ਅਤੇ ਇਸ ਕਦਮ ਨਾਲ ਉੱਤਰੀ ਬਲਖ ਸੂਬੇ ’ਚ ਸਰਕਾਰੀ ਦਫ਼ਤਰਾਂ, ਨਿੱਜੀ ਖੇਤਰ, ਜਨਤਕ ਸੰਸਥਾਵਾਂ ਅਤੇ ਘਰਾਂ ’ਚ ਵਾਈ-ਫਾਈ ਇੰਟਰਨੈੱਟ ਸਹੂਲਤਾਂ ਬੰਦ ਹੋ ਗਈਆਂ ਹਨ।
ਹਾਲਾਂਕਿ ਮੋਬਾਈਲ ਇੰਟਰਨੈੱਟ ਅਜੇ ਵੀ ਚਾਲੂ ਹੈ। ਸੂਬਾਈ ਸਰਕਾਰ ਦੇ ਬੁਲਾਰੇ ਹਾਜੀ ਅਤਾਉੱਲਾ ਜ਼ੈਦ ਨੇ ਕਿਹਾ ਕਿ ਨੇਤਾ ਹਿਬਾਤੁੱਲਾ ਅਖੁੰਦਜ਼ਾਦਾ ਵੱਲੋਂ ‘ਪੂਰੀ ਤਰ੍ਹਾਂ ਪਾਬੰਦੀ’ ਲਗਾਉਣ ਦੇ ਹੁਕਮ ਦੇਣ ਤੋਂ ਬਾਅਦ ਬਲਖ ਸੂਬੇ ਵਿਚ ਹੁਣ ਕੇਬਲ ਇੰਟਰਨੈੱਟ ਉਪਲਬਧ ਨਹੀਂ ਹੈ।