ਅਮਰੀਕਾ ’ਚ ਦੱਖਣਪੰਥੀਆਂ ਦੇ ਨਿਸ਼ਾਨੇ ’ਤੇ ਭਾਰਤੀ, ਵੀਜ਼ਾ ’ਤੇ ਪਾਬੰਦੀ ਲਾਉਣ ਦੀ ਕਰ ਰਹੇ ਹਨ ਮੰਗ!
Sunday, Sep 07, 2025 - 02:46 AM (IST)

ਵਾਸ਼ਿੰਗਟਨ – ਅਮਰੀਕਾ ਦਾ ਇਕ ਵੱਡਾ ਦੱਖਣਪੰਥੀ ਖੇਮਾ ਅੱਜਕੱਲ ਭਾਰਤ ਵਿਰੋਧੀ ਮੁਹਿੰਮ ਚਲਾ ਰਿਹਾ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਕਈ ਪ੍ਰਮੁੱਖ ‘ਮੇਕ ਅਮੇਰਿਕਾ ਗ੍ਰੇਟ ਅਗੇਨ’ (ਐੱਮ. ਏ. ਜੀ. ਏ.) ਸਮਰਥਕ ਇਨਫਲੂਐਂਸਰਜ਼ ਤੇ ਕੰਜ਼ਰਵੇਟਿਵ ਆਵਾਜ਼ਾਂ ਸੋਸ਼ਲ ਮੀਡੀਆ ’ਤੇ ਭਾਰਤ ਨੂੰ ਲੈ ਕੇ ਹਮਲਾਵਰ ਹੋ ਗਈਆਂ ਹਨ ਅਤੇ ਭਾਰਤੀਆਂ ਦੇ ਵੀਜ਼ਾ ’ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੀਆਂ ਹਨ।
ਉਨ੍ਹਾਂ ਦਾ ਨਿਸ਼ਾਨਾ ਭਾਰਤ ਨਾਲ ਜੁੜੇ ਵਪਾਰੀ, ਵੀਜ਼ਾ ਨੀਤੀ, ਵਿਦਿਆਰਥੀ ਅਤੇ ਆਈ. ਟੀ./ਕਾਲ ਸੈਂਟਰ ਉਦਯੋਗ ਹਨ। ਹਾਲਾਂਕਿ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਨਸਲਭੇਦੀ ਤੇ ਪਾਖੰਡ ਨਾਲ ਭਰੀ ਹੋਈ ਹੈ। ਇਸੇ ਪਿਛੋਕੜ ’ਚ ਫਾਕਸ ਨਿਊਜ਼ ਦੀ ਹੋਸਟ ਲਾਰਾ ਇੰਗ੍ਰਾਹਮ ਨੇ ਐਕਸ ’ਤੇ ਲਿਖਿਆ–ਭਾਰਤ ਨਾਲ ਕਿਸੇ ਵੀ ਵਪਾਰ ਸਮਝੌਤੇ ਦਾ ਮਤਲਬ ਹੋਵੇਗਾ ਉਨ੍ਹਾਂ ਨੂੰ ਹੋਰ ਵੀਜ਼ਾ ਦੇਣਾ। ਮੈਂ ਅਜਿਹਾ ਨਹੀਂ ਚਾਹੁੰਦੀ, ਮੋਦੀ ਨੂੰ ਵੇਖਣਾ ਚਾਹੀਦਾ ਹੈ ਕਿ ਇਸ ਦੇ ਬਦਲੇ ਉਨ੍ਹਾਂ ਨੂੰ ਸ਼ੀ ਜਿਨਪਿੰਗ ਤੋਂ ਕਿਹੜੀਆਂ ਸ਼ਰਤਾਂ ਮਿਲ ਸਕਦੀਆਂ ਹਨ।
ਵਿਦੇਸ਼ੀ ਕਾਲ ਸੈਂਟਰਾਂ ’ਤੇ 100% ਟੈਰਿਫ ਦੀ ਮੰਗ
ਟਰੰਪ ਪ੍ਰਸ਼ਾਸਨ ਨੇ ਹੁਣੇ ਜਿਹੇ ਭਾਰਤੀ ਉਤਪਾਦਾਂ ’ਤੇ 50% ਤਕ ਦਾ ਟੈਰਿਫ ਲਾ ਦਿੱਤਾ ਹੈ, ਜਿਸ ਵਿਚ ਅੱਧਾ ਹਿੱਸਾ ਰੂਸ ਤੋਂ ਤੇਲ ਖਰੀਦਣ ਕਾਰਨ ਲਾਇਆ ਗਿਆ ਦੱਸਿਆ ਗਿਆ ਹੈ। ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ ‘ਟਰਨਿੰਗ ਪੁਆਇੰਟਸ ਯੂ. ਐੱਸ. ਏ.’ ਕੰਜ਼ਰਵੇਟਿਵ ਸੰਗਠਨ ਚਲਾਉਣ ਵਾਲੇ ਚਾਰਲੀ ਕਿਰਕ ਨੇ ਭਾਰਤੀ ਪੇਸ਼ੇਵਰਾਂ ’ਤੇ ਅਮਰੀਕੀ ਨੌਕਰੀਆਂ ਛੱਡਣ ਦਾ ਦੋਸ਼ ਲਾਇਆ ਹੈ।
ਉਨ੍ਹਾਂ ਐਕਸ ’ਤੇ ਲਿਖਿਆ ਕਿ ਅਮਰੀਕਾ ਨੂੰ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਹੋਰ ਵੀਜ਼ਾ ਦੇਣ ਦੀ ਲੋੜ ਨਹੀਂ। ਕਾਨੂੰਨੀ ਤੌਰ ’ਤੇ ਅਮਰੀਕਾ ਆਉਣ ਵਾਲੇ ਸ਼ਾਇਦ ਹੀ ਕਿਸੇ ਦੇਸ਼ ਦੇ ਲੋਕਾਂ ਨੇ ਅਮਰੀਕੀਆਂ ਨੂੰ ਉਨ੍ਹਾਂ ਦੇ ਕੰਮ ਨਾਲ ਰਿਪਲੇਸ ਕੀਤਾ ਹੈ ਜਿੰਨਾ ਭਾਰਤੀਆਂ ਨੇ ਕੀਤਾ। ਉਨ੍ਹਾਂ ਲਿਖਿਆ–‘‘ਬਸ ਬਹੁਤ ਹੋ ਗਿਆ, ਅਸੀਂ ਫੁਲ ਹੋ ਚੁੱਕੇ ਹਾਂ। ਆਓ ਆਖਰਕਾਰ ਆਪਣੇ ਲੋਕਾਂ ਨੂੰ ਪਹਿਲ ਦੇਈਏ।’’
ਉੱਧਰ ਅਤਿ-ਦੱਖਣਪੰਥੀ ਕਮੈਂਟੇਟਰ ਜੈਕ ਪੋਸੋਬਿਕ ਨੇ ਭਾਰਤ ਦੇ ਆਊਟਸੋਰਸਿੰਗ ਉਦਯੋਗ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ‘‘ਕਾਲ ਸੈਂਟਰ ’ਤੇ ਟੈਰਿਫ ਲਾਓ। ਵਿਦੇਸ਼ੀ ਕਾਲ ਸੈਂਟਰ ਤੇ ਰਿਮੋਟ ਵਰਕਰਸ ’ਤੇ 100% ਟੈਰਿਫ ਲੱਗਣਾ ਚਾਹੀਦਾ ਹੈ।’’
ਭਾਰਤ-ਵਿਰੋਧੀ ਤੇ ਨਸਲਭੇਦੀ ਬਿਆਨਬਾਜ਼ੀ
ਰਿਪੋਰਟ ਮੁਤਾਬਕ ਇਹ ਬਦਲਦਾ ਰਵੱਈਆ ਖਾਸ ਤੌਰ ’ਤੇ ਹੈਰਾਨ ਕਰ ਦੇਣ ਵਾਲਾ ਮੰਨਿਆ ਜਾ ਰਿਹਾ ਹੈ ਕਿਉਂਕਿ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਵੱਡੀ ਗਿਣਤੀ ’ਚ ਭਾਰਤੀ-ਅਮਰੀਕੀ ਵੋਟਰਾਂ ਨੇ ਪਹਿਲੀ ਵਾਰ ਡੋਨਾਲਡ ਟਰੰਪ ਤੇ ਰਿਪਬਲਿਕਨ ਪਾਰਟੀ ਦਾ ਸਮਰਥਨ ਕੀਤਾ ਸੀ।
ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੇ ਇਸ ਗੱਲ ’ਤੇ ਅਫਸੋਸ ਜ਼ਾਹਿਰ ਕੀਤਾ ਕਿ ਜਿੱਤ ਤੋਂ ਕੁਝ ਹੀ ਮਹੀਨਿਆਂ ਬਾਅਦ ਦੱਖਣਪੰਥੀ ਖੇਮੇ ’ਚੋਂ ਖੁਲ੍ਹੇਆਮ ਭਾਰਤ ਵਿਰੋਧੀ ਤੇ ਨਸਲਭੇਦੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ। ਇਕ ਯੂਜ਼ਰ ਨੇ ਲਿਖਿਆ–ਮੈਂ ਹੈਰਾਨ ਹਾਂ ਕਿ ਦੱਖਣਪੰਥ ਦਾ ਇਕ ਹਿੱਸਾ ਕਿਵੇਂ ਜਿੱਤ ਤੋਂ ਬਾਅਦ ਹਾਰ ਦਾ ਮਾਹੌਲ ਬਣਾ ਰਿਹਾ ਹੈ। ਮੈਂ ਕਈ ਭਾਰਤੀ-ਅਮਰੀਕੀ ਵੋਟਰਾਂ ਨੂੰ ਟਰੰਪ ਦੇ ਹੱਕ ਵਿਚ ਜਾਂਦੇ ਹੋਏ ਵੇਖਿਆ ਹੈ ਪਰ ਹੁਣ ਉਹ ਇਸ ਬਿਆਨਬਾਜ਼ੀ ਕਾਰਨ ਪਛਤਾ ਰਹੇ ਹਨ। ਉਸ ਨੇ ਲਿਖਿਆ–ਵੀਜ਼ਾ ’ਤੇ ਰੋਕ ਲਾਓ, ਇਮੀਗ੍ਰੇਸ਼ਨ ’ਤੇ ਕੁਝ ਰੋਕ ਲਾਓ, ਇਹ ਤਾਂ ਖੁੱਲ੍ਹਾ ਨਸਲਵਾਦ ਹੈ।
ਬੁੱਧੀਜੀਵੀ ਭਾਰਤੀਆਂ ਨੂੰ ਦੱਸ ਰਹੇ ਹਨ ਮਿਹਨਤੀ ਤੇ ਈਮਾਨਦਾਰ
ਪੱਤਰਕਾਰ ਬਿਲੀ ਬਿਨੀਅਨ ਨੇ ਇਸ ਨੂੰ ਅਮਰੀਕੀ ਦੱਖਣਪੰਥ ਦੀ ਐਂਟਾਈਟਲਮੈਂਟ ਮਾਨਸਿਕਤਾ ਦੱਸਿਆ ਹੈ। ਉਨ੍ਹਾਂ ਲਿਖਿਆ ਕਿ ਇਹ ਹੱਕਦਾਰੀ ਦੀ ਮਾਨਸਿਕਤਾ ਹੈ। ਕੁਝ ਕੰਜ਼ਰਵੇਟਿਵ ਨਹੀਂ ਚਾਹੁੰਦੇ ਕਿ ਮਿਹਨਤੀ ਪ੍ਰਵਾਸੀ ਉਨ੍ਹਾਂ ਨਾਲੋਂ ਬਿਹਤਰ ਕੰਮ ਕਰਨ। ਮੈਨੂੰ ਤਾਂ ਦੱਸਿਆ ਗਿਆ ਸੀ ਪ੍ਰੋਗਰੈਸਿਵ ਹੀ ਮੈਰਿਟ ਦੇ ਖਿਲਾਫ ਹਨ।
ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਵੀ ਰਾਸ਼ਟਰਪਤੀ ਟਰੰਪ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਅਸੀਂ ਡੋਨਾਲਡ ਟਰੰਪ ਦੀ ਹਊਮੈ ਨੂੰ ਭਾਰਤ-ਅਮਰੀਕਾ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਇਹ ਰਿਸ਼ਤਾ ਰਣਨੀਤਕ ਤੌਰ ’ਤੇ ਜ਼ਰੂਰੀ ਹੈ ਤਾਂ ਜੋ ਅਮਰੀਕਾ ਚੀਨ ਦੇ ਮੁਕਾਬਲੇ ਅਗਾਂਹਵਧੂ ਬਣਿਆ ਰਹੇ। ਭਾਰਤੀ ਨਾਗਰਿਕ ਅਮਰੀਕੀ ਇਮੀਗ੍ਰੇਸ਼ਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।
75% ਐੱਚ.-1ਬੀ. ਵੀਜ਼ਾ ਧਾਰਕ ਭਾਰਤੀ
ਅੰਕੜਿਆਂ ਮੁਤਾਬਕ 75% ਐੱਚ.-1ਬੀ. ਵੀਜ਼ਾ ਧਾਰਕ ਭਾਰਤੀ ਹਨ, ਜੋ ਗੂਗਲ, ਮਾਈਕ੍ਰੋਸਾਫਟ ਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਵਿਚ ਇਨੋਵੇਸ਼ਨ ਦੀ ਰੀੜ੍ਹ ਹਨ। 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਵਿਚ ਪੜ੍ਹਾਈ ਕਰ ਰਹੇ ਹਨ, ਜਿਨ੍ਹਾਂ ਤੋਂ ਯੂਨੀਵਰਸਿਟੀਆਂ ਤੇ ਸਥਾਨਕ ਅਰਥਵਿਵਸਥਾ ਨੂੰ ਅਰਬਾਂ ਡਾਲਰ ਦਾ ਯੋਗਦਾਨ ਮਿਲਦਾ ਹੈ। ਮਾਹਿਰ ਮੰਨਦੇ ਹਨ ਕਿ ਜੇ ਭਾਰਤੀ ਵਿਦਿਆਰਥੀਆਂ ਤੇ ਪੇਸ਼ੇਵਰਾਂ ਦੇ ਰਸਤੇ ਬੰਦ ਕੀਤੇ ਗਏ ਤਾਂ ਅਮਰੀਕਾ ਦੀ ਟੈਕਨਾਲੋਜੀ ਤੇ ਉੱਚ ਸਿੱਖਿਆ ’ਚ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਪ੍ਰਭਾਵਿਤ ਹੋਵੇਗੀ।