ਤਾਲਿਬਾਨ ਨੇ ਗਰਭ-ਨਿਰੋਧਕਾਂ ਦੀ ਵਿਕਰੀ ’ਤੇ ਲਗਾਈ ਰੋਕ,ਕਿਹਾ- ਮੁਸਲਿਮ ਆਬਾਦੀ ਨੂੰ ਕੰਟਰੋਲ ਕਰਨ ਦੀ ਪੱਛਮੀ ਸਾਜ਼ਿਸ਼
Saturday, Feb 18, 2023 - 01:13 PM (IST)
ਕਾਬੁਲ (ਅਨਸ)- ਤਾਲਿਬਾਨ ਲੜਾਕਿਆਂ ਨੇ ਅਫਗਾਨਿਸਤਾਨ ਦੇ 2 ਮੁੱਖ ਸ਼ਹਿਰਾਂ ਵਿਚ ਗਰਭ-ਨਿਰੋਧਕਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ। ਤਾਲਿਬਾਨ ਦਾ ਦਾਅਵਾ ਹੈ ਕਿ ਔਰਤਾਂ ਵਲੋਂ ਗਰਭ-ਨਿਰਦੋਧਕਾਂ ਦੀ ਵਰਤੋਂ ਮੁਸਲਿਮ ਆਬਾਦੀ ਨੂੰ ਕੰਟਰੋਲ ਕਰਨ ਦੀ ਇਕ ਪੱਛਮੀ ਸਾਜ਼ਿਸ਼ ਹੈ। ਦੱਸਿਆ ਗਿਆ ਹੈ ਕਿ ਤਾਲਿਬਾਨ ਘਰ-ਘਰ ਜਾ ਰਿਹਾ ਹੈ, ਦਾਈਆਂ ਨੂੰ ਧਮਕਾ ਰਿਹਾ ਹੈ ਅਤੇ ਮੈਡੀਕਲ ਸਟੋਰਾਂ ਨੂੰ ਸਾਰੀਆਂ ਜਨਮਦਰ ਕੰਟਰੋਲ ਦਵਾਈਆਂ ਅਤੇ ਉਪਕਰਣਾਂ ਨੂੰ ਹਟਾਉਣ ਦਾ ਹੁਕਮ ਦੇ ਰਿਹਾ ਹੈ।
ਸ਼ਹਿਰ ਦੇ ਇਕ ਸਟੋਰ ਦੇ ਮਾਲਕ ਨੇ ਕਿਹਾ ਕਿ ਉਹ ਬੰਦੂਕ ਦੇ ਨਾਲ 2 ਵਾਰ ਮੇਰੇ ਸਟੋਰ ’ਤੇ ਆਏ ਅਤੇ ਮੈਨੂੰ ਗਰਭ-ਨਿਰੋਧਕ ਗੋਲੀਆਂ, ਵਿਕਰੀ ਲਈ ਨਾ ਰੱਖਣ ਦੀ ਧਮਕੀ ਦਿੱਤੀ। ਇਕ ਬਜ਼ੁਰਗ ਦਾਈ, ਜੋ ਨਾਂ ਨਹੀਂ ਦੱਸਣਾ ਚਾਹੁੰਦੀ ਸੀ, ਨੇ ਕਿਹਾ ਕਿ ਉਸਨੂੰ ਕਈ ਵਾਰ ਧਮਕਾਇਆ ਗਿਆ। ਉਸਨੇ ਕਿਹਾ ਕਿ ਉਸਨੂੰ ਇਕ ਤਾਲਿਬਾਨ ਕਮਾਂਡਰ ਨੇ ਕਿਹਾ ਕਿ ਤੁਹਾਨੂੰ ਬਾਹਰ ਜਾਣ ਅਤੇ ਆਬਾਦੀ ਨੂੰ ਕੰਟਰੋਲ ਕਰਨ ਦੀ ਪੱਛਮੀ ਧਾਰਣਾ ਨੂੰ ਹੱਲਾਸ਼ੇਰੀ ਦੇਣ ਦੀ ਇਜਾਜ਼ਤ ਨਹੀਂ ਹੈ ਅਤੇ ਇਹ ਬੇਲੋੜਾ ਕੰਮ ਹੈ।
ਕਾਬੁਲ ਅਤੇ ਮਜ਼ਾਰ-ਏ-ਸ਼ਰੀਫ ਦੇ ਹੋਰ ਕੈਮਿਸਟਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਜਨਮਦਰ ਕੰਟਰੋਲ ਦਵਾਈਆਂ ਨੂੰ ਸਟਾਕ ਨਾ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ। ਕਾਬੁਲ ਵਿਚ ਇਕ ਹੋਰ ਦੁਕਾਨ ਦੇ ਮਾਲਕ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਜਨਮਦਰ ਕੰਟਰੋਲ ਕਰਨ ਵਾਲੀਆਂ ਗੋਲੀਆਂ ਅਤੇ ਡੇਪੋ-ਪ੍ਰੋਵੇਰਾ ਇੰਜੈਕਸ਼ਨ ਵਰਗੀਆਂ ਵਸਤੂਆਂ ਨੂੰ ਦੁਕਾਨ ’ਤੇ ਰੱਖਣ ਦੀ ਇਜਾਜ਼ਤ ਨਹੀਂ ਹੈ ਅਤੇ ਅਸੀਂ ਮੌਜੂਦਾ ਸਟਾਕ ਨੂੰ ਵੀ ਵੇਚਦੇ ਹੋਏ ਬਹੁਤ ਡਰ ਰਹੇ ਹਾਂ।