ਤਾਲਿਬਾਨੀ ਹਮਲੇ ''ਚ 11 ਪੁਲਸ ਮੁਲਾਜ਼ਮਾਂ ਦੀ ਮੌਤ, 13 ਨੂੰ ਬਣਾਇਆ ਬੰਧਕ

10/01/2019 9:00:37 PM

ਬਲਖ (ਏ.ਐਫ.ਪੀ.)- ਤਾਲਿਬਾਨ ਨੇ ਅਫਗਾਨਿਸਤਾਨ ਦੇ ਬਲਖ ਸੂਬੇ ਵਿਚ ਇਕ ਪੁਲਸ ਥਾਣੇ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਘੱਟੋ-ਘੱਟ 11 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਉਨ੍ਹਾਂ ਨੇ 13 ਹੋਰ ਪੁਲਸ ਮੁਲਾਜ਼ਮਾਂ ਨੂੰ ਬੰਧਕ ਵੀ ਬਣਾ ਲਿਆ। ਬਲਖ ਸੂਬੇ ਦੇ ਬੁਲਾਰੇ ਮੁਨੀਰ ਫਰਹਾਦ ਨੇ ਏ.ਐਫ.ਪੀ. ਨੂੰ ਦੱਸਿਆ ਕਿ 400 ਤਾਲਿਬਾਨ ਲੜਾਕਿਆਂ ਨੇ ਸ਼ਾਤੇਰਪਾ ਜ਼ਿਲਾ ਪੁਲਸ ਦਫਤਰ 'ਤੇ ਤੜਕੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੋਹਾਂ ਪਾਸੋਂ ਗੋਲੀਬਾਰੀ ਸ਼ੁਰੂ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹਮਲੇ ਵਿਚ 11 ਪੁਲਸ ਮੁਲਾਜ਼ਮ ਮਾਰੇ ਗਏ। ਤਾਲਿਬਾਨ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਸ਼ਾਤੇਰਪਾ ਦੇ ਜ਼ਿਲਾ ਮੁਖੀ ਕਰੀਮ ਖਾਨ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਤਾਲਿਬਾਨੀ 13 ਪੁਲਸ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੈ ਗਏ ਅਤੇ ਦਫਤਰ ਵਿਚ ਅੱਗ ਲਗਾ ਦਿੱਤੀ। ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਬਾਅਦ ਵਿਚ ਬਲਖ ਪੁਲਸ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰੀ ਸੁਰੱਖਿਆ ਦਸਤਿਆਂ ਨੇ ਜ਼ਿਲੇ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਜ਼ਿਲੇ 'ਤੇ ਕੁਝ ਘੰਟੇ ਲਈ ਕਬਜ਼ਾ ਕੀਤਾ ਸੀ ਪਰ ਹੋਰ ਕਮਾਂਡੋ ਅਤੇ ਸੁਰੱਖਿਆ ਦਸਤਿਆਂ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਖਦੇੜ ਦਿੱਤਾ ਗਿਆ। ਸਥਾਨਕ ਵਾਸੀ ਸਮਦ ਹਾਰਿਸ ਨੇ ਦੱਸਿਆ ਕਿ ਅੱਗ ਲੱਗੀਆਂ ਇਮਾਰਤਾਂ ਤੋਂ ਮੰਗਲਵਾਰ ਸ਼ਾਮ ਧੂੰਆਂ ਨਿਕਲਦੇ ਦੇਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਨੂੰ ਖੇਤਰ ਤੋਂ ਖਦੇੜ ਦਿੱਤਾ ਗਿਆ ਹੈ।


Sunny Mehra

Content Editor

Related News