ਕਾਬੁਲ ’ਚ ਮਸਜਿਦ ਦੇ ਬਾਹਰ ਧਮਾਕੇ ਤੋਂ ਬਾਅਦ ਤਾਲਿਬਾਨ ਨੇ IS ਦੇ ਟਿਕਾਣੇ ’ਤੇ ਕੀਤਾ ਹਮਲਾ
Monday, Oct 04, 2021 - 01:52 PM (IST)
ਕਾਬੁਲ (ਭਾਸ਼ਾ) : ਤਾਲਿਬਾਨ ਨੇ ਸੋਮਵਾਰ ਨੂੰ ਕਿਹਾ ਕਿ ਕਾਬੁਲ ਵਿਚ ਇਕ ਮਸਜਿਦ ਦੇ ਬਾਹਰ ਖ਼ਤਰਨਾਕ ਧਮਾਕੇ ਦੇ ਕੁੱਝ ਘੰਟੇ ਬਾਅਦ ਉਸ ਦੀ ਫੋਰਸ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਵਿਚ ਇਸਲਾਮਿਕ ਸਟੇਟ ਦੇ ਟਿਕਾਣੇ ’ਤੇ ਹਮਲਾ ਕੀਤਾ ਅਤੇ ਕਈ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਈਦ ਗਾਹ ਮਸਜਿਦ ਦੇ ਬਾਹਰ ਐਤਵਾਰ ਨੂੰ ਹੋਏ ਧਮਾਕੇ ਵਿਚ 5 ਨਾਗਰਿਕ ਮਾਰੇ ਗਏ। ਕਿਸੇ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਪਰ ਹਮਲੇ ਦੇ ਤੁਰੰਤ ਬਾਅਦ ਸ਼ੱਕ ਇਸਲਾਮਿਕ ਸਟੇਟ ਸਮੂਹ ’ਤੇ ਗਿਆ, ਜਿਸ ਨੇ ਅਗਸਤ ਦੇ ਮੱਧ ਵਿਚ ਕਾਬੁਲ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਉਸ ਖ਼ਿਲਾਫ਼ ਹਮਲੇ ਤੇਜ਼ ਕਰ ਦਿੱਤੇ ਹਨ। ਤਾਲਿਬਾਨ ਨੇ ਅਧਿਕਾਰੀ, ਸੰਗਠਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਦੀ ਮਾਂ ਦੀ ਮੌਤ ਦੇ ਬਾਅਦ ਸੋਗ ਜਤਾਉਣ ਲਈ ਮਸਜਿਦ ਵਿਚ ਜਮ੍ਹਾ ਹੋਏ ਸਨ।
ਮੁਜਾਹਿਦ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਤਾਲਿਬਾਨ ਦੀ ਫੋਰਸ ਨੇ ਕਾਬੁਲ ਦੇ ਉਤਰ ਵਿਚ ਖੈਰ ਖਾਨਾ ਵਿਚ ਇਸਲਾਮਿਕ ਸਟੇਟ ਦੇ ਇਕ ਕੇਂਦਰ ’ਤੇ ਹਮਲਾ ਕੀਤਾ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਆਈ.ਐਸ. ਅੱਤਵਾਦੀ ਮਾਗੇ ਗਏ ਅਤੇ ਕੀ ਕੋਈ ਤਾਲਿਬਾਨ ਲੜਾਕਾ ਵੀ ਇਸ ਦੌਰਾਨ ਜ਼ਖ਼ਮੀ ਹੋਇਆ। ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਐਤਵਾਰ ਦੇ ਹਮਲੇ ਸਭ ਤੋਂ ਖ਼ਤਰਨਾਕ ਸਨ। ਇਸ ਤੋਂ ਪਹਿਲਾਂ 26 ਅਗਸਤ ਨੂੰ ਭਿਆਨਕ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਸਮੂਹ ਨੇ ਲਈ ਸੀ, ਜਿਸ ਵਿਚ ਕਾਬੁਲ ਹਵਾਈਅੱਡੇ ਦੇ ਬਾਹਰ 169 ਤੋਂ ਜ਼ਿਆਦਾ ਅਫ਼ਗਾਨ ਲੋਕ ਅਤੇ 13 ਅਮਰੀਕੀ ਫ਼ੌਜੀ ਮਾਰੇ ਗਏ ਸਨ।