ਚੀਨ ਦੇ ਵੱਧਦੇ ਖ਼ਤਰੇ ਵਿਚਕਾਰ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ-''ਤਾਇਵਾਨ ਇਕੱਲਾ ਨਹੀਂ ਹੈ''
Friday, Oct 29, 2021 - 03:53 PM (IST)
ਤਾਇਪੇ (ਏ.ਐੱਨ.ਆਈ.) ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ ਹੈ ਕਿ ਉਸ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਜੇਕਰ ਚੀਨ ਵੱਲੋਂ ਉਹਨਾਂ 'ਤੇ ਹਮਲਾ ਕੀਤਾ ਜਾਂਦਾ ਹੈ ਤਾਂ ਅਮਰੀਕਾ ਅਤੇ ਹੋਰ ਖੇਤਰੀ ਲੋਕਤੰਤਰ ਦੇਸ਼ ਉਹਨਾਂ ਦੀ ਮਦਦ ਲਈ ਇਕੱਠੇ ਹੋਣਗੇ। ਰਾਸ਼ਟਰਪਤੀ ਸਾਈ ਵੇਨ ਨੇ ਇਹ ਬਿਆਨ ਸੀਐਨਐਨ ਨੂੰ ਇੱਕ ਇੰਟਰਵਿਊ ਦੌਰਾਨ ਦਿੱਤਾ। ਇੱਥੇ ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਅਮਰੀਕਾ ਨੇ ਤਾਇਵਾਨ ਨਾਲ ਚੀਨ ਦੇ ਵਧਦੇ ਤਣਾਅ ਨੂੰ ਦੇਖਦੇ ਹੋਏ ਵੱਡਾ ਬਿਆਨ ਦਿੱਤਾ ਸੀ। ਅਮਰੀਕਾ ਨੇ ਕਿਹਾ ਸੀ ਕਿ ਚੀਨ ਲਗਾਤਾਰ ਆਪਣੀ ਸਰਹੱਦ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਪੱਖ ਨੇ ਵੀ ਸੰਯੁਕਤ ਰਾਸ਼ਟਰ ਪ੍ਰਣਾਲੀ ਵਿਚ ਤਾਇਵਾਨ ਦੀ ਸਾਰਥਕ ਭਾਗੀਦਾਰੀ ਵਧਾਉਣ 'ਤੇ ਜ਼ੋਰ ਦਿੱਤਾ।
ਰਾਸ਼ਟਰਪਤੀ ਸਾਈ ਨੇ ਇੰਟਰਵਿਊ ਦੌਰਾਨ ਕਿਹਾ ਕਿ ਤਾਈਵਾਨ ਇਕੱਲਾ ਨਹੀਂ ਹੈ, ਕਿਉਂਕਿ ਉਹ ਇਕ ਲੋਕਤੰਤਰੀ ਦੇਸ਼ ਹੈ। ਅਸੀਂ ਆਜ਼ਾਦੀ ਦਾ ਸਨਮਾਨ ਕਰਦੇ ਹਾਂ ਅਤੇ ਸ਼ਾਂਤੀ ਦੇ ਪੁਜਾਰੀ ਹਾਂ। ਇਸ ਤੋਂ ਇਲਾਵਾ, ਅਸੀਂ ਖੇਤਰ ਦੇ ਦੂਜੇ ਦੇਸ਼ਾਂ ਦੇ ਮੁੱਲ ਅਤੇ ਉਹਨਾਂ ਦੇ ਭੂਗੋਲਿਕ ਖੇਤਰ ਦਾ ਪੂਰਾ ਸਨਮਾਨ ਕਰਦੇ ਹਾਂ। ਅਸੀਂ ਇਸ ਖੇਤਰ ਅਤੇ ਇਸ ਵਿੱਚ ਸ਼ਾਮਲ ਦੇਸ਼ਾਂ ਦੇ ਰਣਨੀਤਕ ਮਹੱਤਵ ਨੂੰ ਵੀ ਸਮਝਦੇ ਹਾਂ। ਉਨ੍ਹਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਤਾਇਵਾਨ ਅਤੇ ਚੀਨ ਦੇ ਰਿਸ਼ਤੇ ਇਸ ਦਹਾਕੇ 'ਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਏ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਚੀਨ ਨੇ ਕਈ ਵਾਰ ਤਾਇਵਾਨ ਦੇ ਹਵਾਈ ਖੇਤਰ ਵਿੱਚ ਆਪਣੇ ਲੜਾਕੂ ਜਹਾਜ਼ ਭੇਜੇ, ਜਦੋਂ ਕਿ ਤਾਇਵਾਨ ਦੇ ਸਥਾਨਕ ਮੀਡੀਆ ਅਤੇ ਡਿਪਲੋਮੈਟਾਂ ਨੇ ਚੀਨ ਪਾਸਿਓਂ ਇਸ ਘੁਸਪੈਠ ਦੀ ਚੇਤਾਵਨੀ ਵੀ ਦਿੱਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ- H-1B ਮਾਲਕਾਂ ਲਈ ਵੱਡੀ ਜਿੱਤ, 'ਮਾਰਕੀਟ ਖੋਜ ਵਿਸ਼ਲੇਸ਼ਕਾਂ' ਨੂੰ ਇੱਕ ਵਿਸ਼ੇਸ਼ ਪੇਸ਼ੇ ਵਜੋਂ ਮਿਲੀ ਮਨਜ਼ੂਰੀ
ਸਾਈ ਨੇ ਇਹ ਵੀ ਕਿਹਾ ਕਿ ਚੀਨ ਵੱਲੋਂ ਖ਼ਤਰਾ ਹਰ ਦਿਨ ਵੱਧ ਰਿਹਾ ਹੈ। ਉਹਨਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਤਾਇਵਾਨ ਦੀ ਧਰਤੀ 'ਤੇ ਅਮਰੀਕੀ ਸੈਨਾ ਮੌਜੂਦ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਇੱਥੇ ਟ੍ਰੇਨਿੰਗ ਦੇ ਮਕਸਦ ਨਾਲ ਆਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਤਾਇਵਾਨ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਉਨ੍ਹਾਂ ਦੇ ਸਿਧਾਂਤਾਂ ਨੂੰ ਜਾਣਦਾ ਹੈ, ਪਛਾਣਦਾ ਹੈ ਅਤੇ ਉਨ੍ਹਾਂ ਦਾ ਪੂਰਾ ਸਨਮਾਨ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਜਿੰਗ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ 'ਤੇ ਕਈ ਵਾਰ ਸਖ਼ਤ ਰੁਖ਼ ਅਪਣਾ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ - ਮਾਣ ਦੀ ਗੱਲ, ਇਟਲੀ ਦੇ ਰਾਸ਼ਟਰਪਤੀ ਨੇ ਪੰਜਾਬ ਦੀ ਧੀ ਨੂੰ ਕੀਤਾ ਸਨਮਾਨਿਤ
ਚੀਨ ਦੀ ਕਮਿਊਨਿਸਟ ਪਾਰਟੀ ਦੀ ਵਰ੍ਹੇਗੰਢ 'ਤੇ ਉਨ੍ਹਾਂ ਨੇ ਤਾਇਵਾਨ ਨੂੰ ਚੀਨੀ ਮੁੱਖ ਭੂਮੀ ਨੂੰ ਹਰ ਸੰਭਵ ਤਰੀਕੇ ਨਾਲ ਜੋੜਨ ਦੀ ਗੱਲ ਵੀ ਕੀਤੀ। ਇਸ ਤੋਂ ਪਹਿਲਾਂ ਵੀ ਉਹ ਤਾਇਵਾਨ ਨੂੰ ਲੈ ਕੇ ਤਿੱਖੇ ਬਿਆਨ ਦੇ ਚੁੱਕੇ ਹਨ।ਇਸ ਦੌਰਾਨ ਤਾਇਵਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਮਰੀਕਾ ਨਾਲ ਮਿਲ ਕੇ ਚੀਨ ਦੇ ਹਰ ਹਮਲੇ ਦਾ ਮੂੰਹਤੋੜ ਜਵਾਬ ਦੇਵੇਗਾ। ਸਾਈ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਲਗਭਗ 2.30 ਕਰੋੜ ਲੋਕ ਹਰ ਰੋਜ਼ ਆਪਣੀ ਅਤੇ ਆਪਣੇ ਦੇਸ਼ ਦੀ ਰੱਖਿਆ ਲਈ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਤਾਇਵਾਨੀ ਆਜ਼ਾਦੀ ਦੇ ਹੱਕਦਾਰ ਹਨ ਅਤੇ ਸਰਕਾਰ ਇਸ ਲਈ ਵਚਨਬੱਧ ਹੈ।