ਇਦਲਿਬ ’ਚ ਸੀਰੀਆਈ ਸਰਕਾਰ ਨੇ ਕੀਤੀ ਗੋਲਾਬਾਰੀ, ਹੋਈਆਂ 8 ਮੌਤਾਂ
Saturday, Jul 03, 2021 - 06:49 PM (IST)
ਇੰਟਰਨੈਸ਼ਨਲ ਡੈਸਕ : ਸੀਰੀਆ ਦੇ ਆਖਰੀ ਵਿਦਰੋਹੀ ਟਿਕਾਣੇ ’ਤੇ ਸਰਕਾਰ ਦੇ ਕੰਟਰੋਲ ਵਾਲੇ ਖੇਤਰ ਤੋਂ ਸ਼ਨੀਵਾਰ ਕੀਤੀ ਗਈ ਗੋਲਾਬਾਰੀ ’ਚ ਘੱਟ ਤੋਂ ਘੱਟ 8 ਨਾਗਰਿਕਾਂ ਦੀ ਮੌਤ ਹੋ ਗਈ। ਯੁੱਧ ’ਤੇ ਨਜ਼ਰ ਰੱਖਣ ਵਾਲੀ ਸੰਸਥਾ ਨੇ ਦੱਸਿਆ ਕਿ ਮਰਨ ਵਾਲਿਆਂ ’ਚ ਜ਼ਿਆਦਾਤਰ ਬੱਚੇ ਹਨ। ਬਚਾਅ ਸੇਵਾ ‘ਵ੍ਹਾਈਟ ਹੇਲਮੇਟਸ’ ਤੇ ਇਦਲਿਬ ਦੇ ਸਿਹਤ ਡਾਇਰੈਕਟੋਰੇਟ ਦੇ ਮੁਤਾਬਕ ਦੱਖਣੀ ਸੂਬੇ ਇਦਲਿਬ ਦੇ ਪਿੰਡ ਇਬਲਿਨ ’ਚ ਸੁੱਟੇ ਗਏ ਗੋਲੇ ਸੁਭੀ ਅਲ-ਅੱਸੀ ਦੇ ਘਰ ’ਤੇ ਡਿੱਗੇ, ਜਿਸ ’ਚ ਉਨ੍ਹਾਂ ਦੀ, ਉਨ੍ਹਾਂ ਦੀ ਪਤਨੀ ਤੇ ਬੱਚਿਆਂ ਦੀ ਮੌਤ ਹੋ ਗਈ। ਅਲ ਅੱਸੀ ਸਥਾਨਕ ਸਿਹਤ ਕੇਂਦਰ ’ਚ ਪ੍ਰਸ਼ਾਸਕ ਸਨ।
ਗੋਲਾਬਾਰੀ ’ਚ ਵ੍ਹਾਈਟ ਹੇਲਮੇਟਸ, ਜਿਸ ਨੂੰ ਸੀਰੀਆ ਸਿਵਲ ਡਿਫੈਂਸ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ, ਉਸ ਦੇ ਇਕ ਸਵੈਮ-ਸੇਵੀ ਦਾ ਘਰ ਵੀ ਪ੍ਰਭਾਵਿਤ ਹੋਇਆ, ਜਿਸ ਵਿਚ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਸਵੈਮ-ਸੇਵੀ ਉਮਰ ਅਲ ਉਮਰ ਤੇ ਉਸ ਦੀ ਪਤਨੀ ਜ਼ਖਮੀ ਹੋ ਗਏ। ਬ੍ਰਿਟੇਨ ਸਥਿਤ ਮਨੁੱਖੀ ਅਧਿਕਾਰਾਂ ਦੀ ਸੀਰੀਆਈ ਆਬਜ਼ਰਵੇਟਰੀ ਨੇ ਵੀ ਗੋਲਾਬਾਰੀ ਤੇ ਮ੍ਰਿਤਕਾਂ ਦੀ ਜਾਣਕਾਰੀ ਦਿੱਤੀ। ਇਲਾਕੇ ’ਚ ਸਰਕਾਰੀ ਬਲਾਂ ਤੇ ਵਿਦਰੋਹੀਆਂ ਦੇ ਆਖਰੀ ਗੜ੍ਹ ਇਦਲਿਬ ਵਿਚ ਕੱਟੜਪੰਥੀਆਂ ਵਿਚਾਲੇ ਹਾਲ ਹੀ ਦੇ ਹਫਤਿਆਂ ਵਿਚ ਹਿੰਸਾ ਵਧੀ ਹੈ, ਜਦਕਿ ਪਿਛਲੇ ਸਾਲ ਯੁੁੱਧ ਬੰਦੀ ’ਤੇ ਸਹਿਮਤੀ ਬਣੀ ਸੀ। ਇਹ ਯੁੱਧ ਬੰਦੀ ਸਮਝੌਤਾ ਸੀਰੀਆ ਦੀ ਵਿਰੋਧੀ ਧਿਰ ਦਾ ਸਮਰਥਨ ਕਰਨ ਵਾਲੇ ਤੁਰਕੀ ਤੇ ਸੀਰੀਆ ਸਰਕਾਰ ਦੇ ਮੁੱਖ ਸਮਰਥਕ ਰੂਸ ਵਿਚਾਲੇ ਹੋਇਆ ਸੀ।