ਸੀਰੀਆ ਨੇ ਤੁਰਕੀ ਸਰਹੱਦ ''ਤੇ ਭੇਜੀ ਫੌਜ, ਰੁਕ ਸਕਦੇ ਹਨ ਕੁਰਦਾਂ ''ਤੇ ਹਮਲੇ
Tuesday, Oct 15, 2019 - 12:52 AM (IST)

ਦਮਿਸ਼ਕ (ਏਜੰਸੀ)- ਤੁਰਕੀ ਨਾਲ ਲੱਗਦੀ ਸਰਹੱਦ 'ਤੇ ਤਾਇਨਾਤੀ ਲਈ ਸੀਰੀਆ ਨੇ ਆਪਣੇ ਫੌਜੀ ਭੇਜ ਦਿੱਤੇ ਹਨ। ਜ਼ਾਹਿਰ ਹੈ ਕਿ ਇਹ ਫੌਜੀ ਸੀਰੀਆ ਦੀ ਪ੍ਰਭੂਸੱਤਾ ਦੇ ਅਧਿਕਾਰ ਤਹਿਤ ਤੁਰਕੀ ਦੇ ਹਮਲਿਆਂ ਨੂੰ ਰੋਕਣਗੇ, ਜੋ ਉਹ ਸੀਰੀਆ ਦੀ ਸਰਹੱਦੀ ਕੁਰਦ ਆਬਾਦੀ 'ਤੇ ਹੋ ਰਹੇ ਹਨ। ਸੀਰੀਆ ਦੀ ਤੁਰਕੀ ਨਾਲ ਲੱਗਦੀ ਸਰਹੱਦ ਤੋਂ ਅਮਰੀਕੀ ਫੌਜੀਆਂ ਦੇ ਹਟਣ ਤੋਂ ਬਾਅਦ ਖਾਲੀ ਪਈ ਹੈ ਅਤੇ ਤੁਰਕੀ ਦੇ ਲੜਾਕੂ ਜਹਾਜ਼ ਅਤੇ ਥਲ ਸੈਨਾ ਮਨਮਰਜ਼ੀ ਨਾਲ ਸੀਰੀਆ ਵਿਚ ਦਾਖਲ ਹੋ ਕੇ ਕਾਰਵਾਈ ਕਰ ਰਹੇ ਹਨ।
ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੁਰਦਾਂ ਨਾਲ ਸਮਝੌਤੇ ਦੇ ਤਹਿਤ ਸੀਰੀਆ ਦੀ ਫੌਜ ਸਰਹੱਦ 'ਤੇ ਆ ਰਹੀ ਹੈ ਜਾਂ ਆਪਣੀ ਜ਼ਿੰਮੇਵਾਰੀ ਸੰਭਾਲਣ ਲਈ ਤਾਇਨਾਤ ਹੋ ਰਹੀ ਹੈ। ਸੀਰੀਆਈ ਕੁਰਦਾਂ 'ਤੇ ਤੁਰਕੀ ਦੇ ਹਮਲੇ ਦੀ ਚਿਤਾਵਨੀ ਤੋਂ ਬਾਅਦ ਅਮਰੀਕੀ ਫੌਜ ਸੀਰੀਆ ਦੀ ਸਰਹੱਦ ਤੋਂ ਹੱਟ ਗਈ ਸੀ। ਅਮਰੀਕਾ ਦੇ ਇਸ ਫੈਸਲੇ ਦੀ ਪੂਰੀ ਦੁਨੀਆ ਵਿਚ ਨਿੰਦਿਆ ਹੋਈ ਕਿਉਂਕਿ ਸੀਰੀਆਈ ਕੁਰਦਾਂ ਨੇ ਅੱਤਵਾਦੀ ਸੰਗਠਨ ਆਈ.ਐਸ. ਨਾਲ ਲੜਾਈ ਵਿਚ ਅਮਰੀਕੀ ਫੌਜ ਦਾ ਸਾਥ ਦਿੱਤਾ ਸੀ। ਉਥੇ ਹੀ ਕੁਰਦ ਅਮਰੀਕਾ ਦੀ ਹਮਾਇਤ ਨਾਲ ਸੀਰੀਆ ਵਿਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਬਸ਼ਰ ਅਲ ਅਸਦ ਸਰਕਾਰ ਖਿਲਾਫ ਹਥਿਆਰਾਂ ਨਾਲ ਲੈੱਸ ਹੋ ਕੇ ਬਗਾਵਤ ਕਰ ਰਹੇ ਸਨ।
ਹੁਣ ਜਦੋਂ ਕਿ ਸੀਰੀਆ ਵਿਚ ਆਈ.ਐਸ. ਦੀ ਚੁਣੌਤੀ ਖਤਮ ਹੋ ਚੁੱਕੀ ਹੈ ਅਤੇ ਕਈ ਮਹੀਨਿਆਂ ਤੋਂ ਅੱਤਵਾਦੀ ਹਿੰਸਾ ਸ਼ਾਂਤ ਹੈ, ਉਦੋਂ ਤੁਰਕੀ ਦੇ ਹਮਲੇ ਦੀ ਧਮਕੀ ਤੋਂ ਬਾਅਦ ਅਚਾਨਕ ਅਮਰੀਕੀ ਫੌਜੀ ਸੀਰੀਆ ਦੀ ਸਰਹੱਦ ਤੋਂ ਹਟ ਗਏ। ਹੁਣ ਤੁਰਕੀ ਦੀ ਸਾਧਨ ਸੰਪੰਨ ਫੌਜ ਨਾਲ ਕੁਰਦ ਲੜਾਕਿਆਂ ਅਤੇ ਆਬਾਦੀ ਨੂੰ ਬਚਾਉਣ ਲਈ ਕੋਈ ਨਹੀਂ ਹੈ। ਪਿਛਲੇ ਹਫਤੇ ਤੋਂ ਜਾਰੀ ਤੁਰਕੀ ਦੇ ਹਮਲਿਆਂ ਵਿਚਾਲੇ ਸੀਰੀਆ ਸਰਕਾਰ ਨੇ ਸਾਫ ਕਿਹਾ ਸੀ ਕਿ ਦੇਸ਼ ਦੇ ਨਾਲ ਗੱਦਾਰੀ ਕਰਨ ਵਾਲੇ ਕੁਰਦਾਂ ਤੋਂ ਉਸ ਨੂੰ ਬਿਲਕੁਲ ਵੀ ਹਮਦਰਦੀ ਨਹੀਂ ਹੈ।
ਇਸ ਲਈ ਤੁਰਕੀ ਦੇ ਹਮਲਿਆਂ ਤੋਂ ਪੈਦਾ ਸਥਿਤੀ ਵਿਚ ਉਹ ਦੂਰ ਹੀ ਰਹੇਗੀ, ਪਰ ਕੁਝ ਦਿਨਾਂ ਵਿਚ ਹਾਲਾਤ ਵਿਚ ਸੀਰੀਆ ਦੀ ਫੌਜ ਹੁਣ ਆਪਣੀ ਸਰਹੱਦ 'ਤੇ ਜਾ ਰਹੀ ਹੈ। ਤੁਰਕੀ ਆਪਣੀ ਸਰਹੱਦ 'ਤੇ 30 ਕਿਲੋਮੀਟਰ ਚੌੜਾ ਬਫਰ ਜ਼ੋਨ ਬਣਾਉਣਾ ਚਾਹੁੰਦਾ ਹੈ, ਜਿਸ ਨਾਲ ਸੀਰੀਆ ਦੇ ਕੁਰਦ ਵੱਖਵਾਦੀ ਉਸ ਦੇ ਇਲਾਕੇ ਵਿਚ ਆ ਕੇ ਵਾਰਦਾਤ ਨਾ ਕਰ ਸਕਣ। ਉਹ 36 ਲੱਖ ਸੀਰੀਆ ਸ਼ਰਨਾਰਥੀਆਂ ਨੂੰ ਵੀ ਵਾਪਸ ਸੀਰੀਆ ਭੇਜਣਾ ਚਾਹੁੰਦਾ ਹੈ। ਅਮਰੀਕਾ ਅਤੇ ਯੂਰਪੀ ਯੂਨੀਅਨ ਨੇ ਹੁਣ ਤੁਰਕੀ ਦੇ ਹਮਲਿਆਂ ਦੀ ਨਿੰਦਿਆ ਕੀਤੀ ਹੈ ਅਤੇ ਉਸ ਨੂੰ ਪਾਬੰਦੀਆਂ ਦੀ ਚਿਤਾਵਨੀ ਦਿੱਤੀ ਹੈ। ਪਰ ਤੁਰਕੀ ਚਿਤਾਵਨੀ ਦੀ ਚਿੰਤਾ ਕੀਤੇ ਬਿਨਾਂ ਕੁਰਦਾਂ 'ਤੇ ਹਮਲੇ ਜਾਰੀ ਹਨ।