ਮਰਨ ਦੇ ਬਾਅਦ ਵੀ ਨਹੀਂ ਛੱਡਿਆ ਆਪਣੀ ਭੈਣ ਦਾ ਹੱਥ, ਤਸਵੀਰ ਵਾਇਰਲ

07/28/2019 10:14:55 AM

ਇਦਲਿਬ (ਬਿਊਰੋ)— ਸੀਰੀਆ ਵਿਚ ਸਰਕਾਰ ਅਤੇ ਉਸ ਦੇ ਰੂਸੀ ਸਹਿਯੋਗੀਆਂ ਦੇ ਹਮਲੇ ਨਾਲ ਉੱਥੇ ਹਾਲਤ ਬਦਤਰ ਹੁੰਦੇ ਜਾ ਰਹੇ ਹਨ। ਸੀਰੀਆ ਦੇ ਇਦਲਿਬ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਫੌਜ ਦੀ ਬੰਬਾਰੀ ਦੌਰਾਨ ਇਕ 5 ਸਾਲਾ ਬੱਚੀ ਰਿਹਾਮ ਅਲ ਅਬਦੁੱਲਾ ਦੀ ਬਹਾਦੁਰੀ 'ਤੇ ਦੁਨੀਆ ਭਰ ਦੇ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਬੱਚੀ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਦੁਨੀਆ ਭਰ ਤੋਂ ਸੋਗ ਸੰਦੇਸ਼ਾਂ ਦਾ ਸੈਲਾਬ ਆ ਗਿਆ। ਇਸ ਤਸਵੀਰ ਨੂੰ ਸੀਰੀਆ ਦੇ ਸ਼ਹਿਰ ਆਹਿਰਾ ਦੇ ਇਕ ਸਥਾਨਕ ਮੀਡੀਆ ਕਾਰਕੁੰਨ ਸਮੂਹ SY24 ਨੇ ਖਿੱਚਿਆ ਹੈ। 

PunjabKesari

ਤਸਵੀਰ ਮੁਤਾਬਕ ਬੰਬ ਧਮਾਕੇ ਦੇ ਬਾਅਦ ਇਕ ਇਮਾਰਤ ਦੇ ਮਲਬੇ ਵਿਚ ਫਸੇ ਹੋਣ ਦੇ ਬਾਅਦ ਇਕ ਬੱਚੀ ਆਪਣੀ ਛੋਟੀ ਭੈਣ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਤਸਵੀਰ ਵਿਚ ਇਕ ਵਿਅਕਤੀ ਆਪਣੇ ਸਿਰ 'ਤੇ ਹੱਥ ਰੱਖੇ ਹੋਏ ਬੱਚੀਆਂ ਵੱਲ ਦੇਖ ਰਿਹਾ ਹੈ। ਅਸਲ ਵਿਚ ਵਿਅਕਤੀ ਬੱਚੀਆਂ ਦਾ ਪਿਤਾ ਹੈ। ਜਾਣਕਾਰੀ ਮੁਤਾਬਕ 3 ਬੱਚੀਆਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ ਜਦਕਿ 2 ਬੱਚੀਆਂ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀਆਂ ਹਨ। 

PunjabKesari

ਰਿਹਾਮ ਅਲ ਅਬਦੁੱਲਾ ਨਾਮ ਦੀ ਬੱਚੀ ਦੀ ਮੌਤ ਹੋ ਚੁੱਕੀ ਹੈ ਜਦਕਿ 7 ਮਹੀਨੇ ਦੀ ਤੁਕਾ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਤੀਜੀ ਭੈਣ ਡਾਲੀਆ ਦੀ ਹਾਲਤ ਚੈਸਟ ਸਰਜਰੀ ਦੇ ਬਾਅਦ ਸਥਿਰ ਹੈ।  ਬੰਬ ਡਿੱਗਣ ਦੇ ਬਾਅਦ ਘਰ ਦੇ ਢਹਿ-ਢੇਰੀ ਹੋਣ 'ਤੇ ਰਿਹਾਮ ਨੇ ਆਪਣੀ 7 ਮਹੀਨੇ ਦੀ ਭੈਣ ਤੁਕਾ ਨੂੰ ਬਚਾਉਣ ਲਈ ਆਪਣੀ ਜਾਨ ਖਤਰੇ ਵਿਚ ਪਾ ਦਿੱਤੀ। ਖੁਦ ਮਲਬੇ ਵਿਚ ਫਸਣ ਦੇ ਬਾਅਦ ਵੀ ਉਸ ਨੇ ਤੁਕਾ ਦਾ ਹੱਥ ਫੜੀ ਰੱਖਿਆ। ਰਿਹਾਮ 'ਤੇ ਮਲਬਾ ਡਿੱਗਣ ਰਿਹਾ ਪਰ ਉਹ ਆਪਣੀ ਭੈਣ ਨੂੰ ਬਚਾਉਣ ਲਈ ਸੰਘਰਸ਼ ਕਰਦੀ ਰਹੀ। ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਰਿਹਾਮ ਦੀ ਮੌਤ ਹੋ ਗਈ ਜਦਕਿ ਤੁਕਾ ਆਈ.ਸੀ.ਯੂ. ਵਿਚ ਹੈ। 

PunjabKesari

ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਨ੍ਹਾਂ ਹਮਲਿਆਂ ਵਿਚ ਪਿਛਲੇ 10 ਦਿਨਾਂ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਇੱਥੇ ਦੱਸ ਦਈਏ ਕਿ ਸੀਰੀਆ ਵਿਚ ਸਾਲ 2011 ਤੋਂ ਹੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਗ੍ਰਹਿ ਯੁੱਧ ਜਿਹੇ ਹਾਲਾਤ ਬਣੇ ਹੋਏ ਹਨ। ਸਰਕਾਰ ਅਤੇ ਉਸ ਦਾ ਸਹਿਯੋਗੀ ਰੂਸ ਆਪਣੀ ਦਮਨਕਾਰੀ ਕਾਰਵਾਈ ਨਾਲ ਪ੍ਰਦਰਸ਼ਨਾਂ ਨੂੰ ਰੋਕਣ ਵਿਚ ਲੱਗਾ ਹੋਇਆ ਹੈ, ਜਿਸ ਵਿਚ ਹੁਣ ਤੱਕ ਕਾਫੀ ਮਾਸੂਮ ਆਪਣੀ ਜਾਨ ਗਵਾ ਚੁੱਕੇ ਹਨ।


Vandana

Content Editor

Related News