ਸਿਡਨੀ ''ਚ ਦੋ ਵਾਹਨਾਂ ਦੀ ਟੱਕਰ ਕਾਰਨ 3 ਲੋਕ ਜ਼ਖਮੀ, ਇਕ ਦੀ ਹਾਲਤ ਗੰਭੀਰ
Saturday, Apr 13, 2019 - 11:50 AM (IST)
ਸਿਡਨੀ, (ਏਜੰਸੀ)— ਆਸਟ੍ਰੇਲੀਆ 'ਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਆਸਟ੍ਰੇਲੀਆ ਦੇ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਦੀ ਸ਼ਾਮ ਸਿਡਨੀ 'ਚ ਦੋ ਵਾਹਨਾਂ ਦੀ ਟੱਕਰ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ। ਐਮਰਜੈਂਸੀ ਕਰੂ ਨੇ ਦੱਸਿਆ ਕਿ ਐਲਿਜ਼ਾਬੈਥ ਅਤੇ ਗੋਲਬਰਨ ਗਲੀ 'ਚ ਦੋ ਵਾਹਨ ਟਕਰਾਉਣ ਦੀ ਸੂਚਨਾ ਮਿਲਣ 'ਤੇ ਉਹ ਘਟਨਾ ਸਥਾਨ 'ਤੇ ਪੁੱਜੇ।
ਐਮਰਜੈਂਸੀ ਕਰੂ ਨੇ ਜ਼ਖਮੀਆਂ ਨੂੰ ਵਾਹਨਾਂ 'ਚੋਂ ਬਾਹਰ ਕੱਢਿਆ। ਜਾਣਕਾਰੀ ਮੁਤਾਬਕ ਸ਼ਾਮ 4.30 ਵਜੇ ਜੀਪ ਦਾ ਡਰਾਈਵਰ ਲਾਲ ਬੱਤੀ ਹੋਣ ਦੇ ਬਾਵਜੂਦ ਤੇਜ਼ੀ ਨਾਲ ਆਇਆ। ਇਸ ਦੀ ਇਕ ਗੱਡੀ ਨਾਲ ਟੱਕਰ ਹੋ ਗਈ ਅਤੇ ਫਿਰ ਜੀਪ ਇਕ ਕੈਫੇ ਦੀ ਕੰਧ ਨਾਲ ਟਕਰਾ ਗਈ। ਇਸ ਮਗਰੋਂ ਪੁਲਸ ਨੇ ਦੋਸ਼ੀ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ। ਦੂਜੀ ਗੱਡੀ ਦੇ ਡਰਾਈਵਰ, ਇਕ ਸਵਾਰੀ ਅਤੇ ਦੋਸ਼ੀ ਡਰਾਈਵਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਇਲਾਜ ਦੇ ਬਾਅਦ ਪੁਲਸ ਦੋਸ਼ੀ ਡਰਾਈਵਰ ਅਤੇ ਬਾਕੀਆਂ ਦੇ ਬਿਆਨ ਦਰਜ ਕਰੇਗੀ। ਹਾਦਸੇ ਕਾਰਨ ਕੁੱਝ ਸਮੇਂ ਤਕ ਜਾਮ ਲੱਗਾ ਰਿਹਾ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।