ਕੋਰੋਨਾਵਾਇਰਸ ਬਦਲ ਰਿਹਾ ਹੈ ਰੂਪ, ਜਾਣੋ ਵੈਕਸੀਨ ''ਤੇ ਕੀ ਪਵੇਗਾ ਅਸਰ
Sunday, Jun 28, 2020 - 12:46 PM (IST)
ਬਰਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦੀ ਵੈਕਸੀਨ ਬਣਾਉਣ ਵਿਚ ਦੁਨੀਆ ਭਰ ਦੇ ਵਿਗਿਆਨੀ ਜੁਟੇ ਹਨ। ਇਹਨਾਂ ਵਿਗਿਆਨੀਆਂ ਦੀ ਇਕ ਸਭ ਤੋਂ ਵੱਡੀ ਚਿੰਤਾ ਇਹ ਰਹੀ ਹੈ ਕਿ ਕੋਰੋਨਾਵਇਰਸ ਆਪਣਾ ਰੂਪ ਬਦਲ ਰਿਹਾ ਹੈ। ਇਸੇ ਕਾਰਨ ਵਿਗਿਆਨੀ ਇਸ ਚੀਜ਼ ਨੂੰ ਮਾਨੀਟਰ ਕਰਨ ਵਿਚ ਜੁਟੇ ਹਨ ਕਿ ਸਾਰਸ-ਕੋਵਿ-2 ਵਿਚ ਕਿਸ ਤਰ੍ਹਾਂ ਦੀ ਜੈਨੇਟਿਕ ਤਬਦੀਲੀ ਹੋ ਰਹੀ ਹੈ। ਹੁਣ ਇਸ ਦੇ ਬਾਰੇ ਵਿਚ ਇਕ ਚੰਗੀ ਖਬਰ ਆਈ ਹੈ।
npr.org ਵਿਚ ਛਪੀ ਰਿਪੋਰਟ ਮੁਤਾਬਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਵਿਚ ਤਬਦੀਲੀ ਤਾਂ ਹੋ ਰਹੀ ਹੈ ਪਰ ਹੁਣ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈਕਿ ਇਹ ਤਬਦੀਲੀ ਇੰਨੀ ਜ਼ਿਆਦਾ ਨਹੀਂ ਹੈ ਕਿ ਵੈਕਸੀਨ ਬੇਕਾਰ ਹੋ ਜਾਵੇ। ਸਵਿਟਜ਼ਰਲੈਂਡ ਦੀ ਬਸੇਲ ਯੂਨੀਵਰਸਿਟੀ ਵਿਚ ਮਹਾਮਾਰੀ ਮਾਮਲਿਆਂ ਦੀ ਜਾਣਕਾਰ ਐਮਾ ਹਾਡਕ੍ਰਾਫਟ ਦਾ ਕਹਿਣਾ ਹੈ,''ਕੋਰੋਨਾਵਾਇਰਸ ਵਿਚ ਜੋ ਵੀ ਮਿਊਟੇਸ਼ਨ ਹੋ ਰਿਹਾ ਹੈ ਜਾਂ ਜਿਸ ਗਤੀ ਨਾਲ ਹੋ ਰਿਹਾ ਹੈ ਇਸ ਵਿਚ ਘਬਰਾਉਣ ਜਿਹੀਂ ਕੋਈ ਗੱਲ ਨਹੀਂ ਹੈ।''
ਜੌਨਸ ਹਾਪਕਿਨਜ਼ ਅਪਲਾਈਡ ਫਿਜੀਕਸ ਲੈਬ ਦੇ ਸੀਨੀਅਰ ਵਿਗਿਆਨੀ ਪੀਟਰ ਥੀਲੇਨ ਕਹਿੰਦੇ ਹਨ ਕਿ ਅੱਜ ਦੀ ਤਰੀਕ ਤੱਕ ਬਹੁਤ ਘੱਟ ਮਿਊਟੇਸ਼ਨਸ ਮਿਲੇ ਹਨ। ਹੁਣ ਤੱਕ ਅਸੀਂ ਜੋ ਦੇਖਿਆ ਹੈ ਸੰਭਵ ਤੌਰ 'ਤੇ ਉਸ ਦਾ ਵਾਇਰਸ ਦੇ ਕੰਮ ਕਰਨ ਦੇ ਤਰੀਕੇ 'ਤੇ ਕੋਈ ਅਸਰ ਨਹੀਂ ਹੁੰਦਾ। ਥੀਲੇਨ ਨੇ ਕਿਹਾ ਕਿ ਅੱਜ ਕੋਰੋਨਾਵਾਇਰਸ ਦੇ 47 ਹਜ਼ਾਰ ਜੀਨੋਮਸ ਅੰਤਰਰਾਸ਼ਟਰੀ ਡਾਟਾਬੇਸ ਵਿਚ ਸਟੋਰ ਕੀਤੇ ਗਏ ਹਨ। ਜੀਨੋਮਸ ਦੇ ਅਧਿਐਨ ਨਾਲ ਇਹ ਪਤਾ ਚੱਲਦਾ ਹੈ ਕਿ ਵਾਇਰਸ ਵਿਚ ਕਿਸ ਤਰ੍ਹਾਂ ਤਬਦੀਲੀ ਹੋ ਰਹੀ ਹੈ। ਵਿਗਿਆਨੀ ਪੀਟਰ ਥੀਲੇਨ ਕਹਿੰਦੇ ਹਨ ਕਿ ਜਦੋਂ ਵੀ ਦੁਨੀਆ ਦੇ ਕਿਸੇ ਹਿੱਸੇ ਵਿਚ ਕੋਈ ਵਿਗਿਆਨੀ ਅੰਤਰਰਾਸ਼ਟਰੀ ਡਾਟਾਬੇਸ ਵਿਚ ਨਵਾਂ ਜੀਨੋਮਸ ਪਾਉਂਦਾ ਹੈ ਤਾਂ ਉਸ ਦਾ ਅਧਿਐਨ ਕੀਤਾ ਜਾਂਦਾ ਹੈ।
ਉਹਨਾਂ ਨੇ ਕਿਹਾ ਕਿ ਜ਼ਿਕਰਯੋਗ ਗੱਲ ਇਹ ਹੈ ਕਿ ਅੱਜ ਜਿਹੜੇ ਵੀ ਵਾਇਰਸ ਫੈਲ ਰਹੇ ਹਨ ਉਹ ਚੀਨ ਵਿਚ ਮਿਲੇ ਪਹਿਲੇ ਵਾਇਰਸ ਦੀ ਤਰ੍ਹਾਂ ਹੀ ਹਨ। ਪੀਟਰ ਥੀਲੇਨ ਕਹਿੰਦੇ ਹਨ ਕਿ ਜਨਵਰੀ ਵਿਚ ਕੋਰੋਨਾ ਲਈ ਜਿਸ ਤਰ੍ਹਾਂ ਦੀ ਵੈਕਸੀਨ ਵਿਕਸਿਤ ਕੀਤੀ ਜਾਂਦੀ, ਅੱਜ ਵੀ ਉਸੇ ਤਰ੍ਹਾਂ ਦੀ ਵੈਕਸੀਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਮਾ ਹਾਡਕ੍ਰਾਫਟ ਕਹਿੰਦੀ ਹੈ ਕਿ ਫਿਲਹਾਲ ਸਾਨੂੰ ਕੋਈ ਵੈਕਸੀਨ ਮਿਲ ਸਕਦੀ ਹੈ ਪਰ ਵੱਡਾ ਸਵਾਲ ਇਹ ਹੈ ਕੀ ਵੈਕਸੀਨ ਇਕ ਵਾਰ ਦੇਣੀ ਹੋਵੇਗੀ ਜਾਂ ਫਿਰ ਹਰੇਕ ਕੁਝ ਸਾਲਾਂ ਦੇ ਬਾਅਦ ਵੈਕਸੀਨ ਨੂੰ ਅਪਡੇਟ ਕਰਨ ਦੀ ਲੋੜ ਹੋਵੇਗੀ। ਹਾਡਕ੍ਰਾਫਟ ਦੀ ਮੰਨੀਏ ਤਾਂ ਇਸ ਸਵਾਲ ਦਾ ਜਵਾਲ ਹਾਲੇ ਅਨਿਸ਼ਚਿਤ ਹੈ ਕਿਉਂਕਿ ਸਾਰਸ-ਕੋਵਿ-2 ਹਾਲੇ ਕਾਫੀ ਨਵਾਂ ਹੈ। ਸਮਾਂ ਬੀਤਣ ਦੇ ਨਾਲ ਹੀ ਇਸ ਬਾਰੇ ਪਤਾ ਚੱਲੇਗਾ।