ਦਾਵੋਸ ''ਚ ਬੋਲੋ ਇਮਰਾਨ, ਅਖਬਾਰ ਪੜ੍ਹਨੀ ਤੇ ਚੈਟ ਸ਼ੋਅ ਦੇਖਣਾ ਕੀਤਾ ਬੰਦ

01/23/2020 5:29:07 PM

ਦਾਵੋਸ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਕਿਹਾ ਕਿ ਮੀਡੀਆ ਵਿਚ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਵੱਡੇ ਪੱਧਰ 'ਤੇ ਨਕਰਾਤਮਕਤਾ ਫੈਲਾਈ ਜਾ ਰਹੀ ਹੈ। ਇਸ ਕਾਰਨ ਉਹਨਾਂ ਨੇ ਸਵੇਰੇ ਅਖਬਾਰ ਪੜ੍ਹਨੀ ਅਤੇ ਸ਼ਾਮ ਨੂੰ ਟੀਵੀ 'ਤੇ ਚੈਟ ਸ਼ੋਅ ਦੇਖਣਾ ਬੰਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਡੂੰਘੇ ਸੰਸਥਾਗਤ ਅਤੇ ਪ੍ਰਬੰਧਕੀ ਸੁਧਾਰਾਂ ਦੇ ਲਾਭ ਹਾਸਲ ਕਰਨ ਲਈ ਪਾਕਿਸਤਾਨ ਨੂੰ ਦਰਦਨਾਕ ਪ੍ਰਕਿਰਿਆ ਵਿਚੋਂ ਲੰਘਣਾ ਤਾਂ ਪੈਣਾ ਸੀ। ਉਹਨਾਂ ਨੇ ਸਾਰਿਆਂ ਲੋਕਾਂ ਨੂੰ ਇਸ ਦੇ ਨਤੀਜਿਆਂ ਲਈ ਸੰਜਮ ਵਰਤਣ ਦੀ ਅਪੀਲ ਕੀਤੀ। 

ਇਮਰਾਨ ਨੇ ਇੱਥੇ ਰੀਫਰੈਸ਼ਮੈਂਟ ਸੈਸ਼ਨ ਵਿਚ ਕਿਹਾ,''ਇਹ ਅਜਿਹਾ ਹੈ ਜਿਵੇਂ ਤੁਸੀਂ ਜੰਨਤ ਜਾਣਾ ਚਾਹੁੰਦੇ ਹੋ ਪਰ ਮਰਨਾ ਨਹੀਂ ਚਾਹੁੰਦੇ। ਇਹ ਬੁਰਾ ਉਦਾਹਰਨ ਹੋ ਸਕਦਾ ਹੈ ਇਸ ਲਈ ਮੈਂ ਕਹਾਂਗਾ ਕਿ ਤੁਸੀਂ ਟਿਊਮਰ ਨੂੰ ਤਾਂ ਹਟਵਾਉਣਾ ਚਾਹੁੰਦੇ ਹੋ ਪਰ ਸਰਜਰੀ ਦਾ ਦਰਦ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ।'' ਇਮਰਾਨ ਨੇ ਇਸ ਦੌਰਾਨ ਪ੍ਰਵਾਸੀ ਪਾਕਿਸਤਾਨੀਆਂ ਅਤੇ ਗਲੋਬਲ ਨੇਤਾਵਾਂ ਦੇ ਸਾਹਮਣੇ ਪਾਕਿਸਤਾਨ ਅਤੇ ਉਸ ਦੀ ਆਰਥਿਕ ਸੰਭਾਵਨਾ 'ਤੇ ਆਪਣੇ ਵਿਚਾਰ ਰੱਖੇ। ਇਮਰਾਨ ਸਵਿਟਜ਼ਰਲੈਂਡ ਵਿਚ ਵਰਲਡ ਇਕਨੋਮਿਕ ਫੋਰਮ ਦੀ ਸਾਲਾਨਾ ਬੈਠਕ 2020 ਵਿਚ ਹਿੱਸਾ ਲੈਣ ਪਹੁੰਚੇ ਹੋਏ ਹਨ। 

ਇਮਰਾਨ ਨੇ ਕਿਹਾ ਕਿ ਉਹਨਾਂ ਦਾ ਨਜ਼ਰੀਆ ਪਾਕਿਸਤਾਨ ਨੂੰ ਮਨੁੱਖੀ, ਨਿਆਂਪੂਰਨ ਅਤੇ ਕਲਿਆਣਕਾਰੀ ਸਮਾਜ ਦੇ ਤੌਰ 'ਤੇ ਬਣਾਉਣਾ ਹੈ ਜਿਸ ਦੀ ਕਲਪਨਾ ਬਾਬਾ-ਏ-ਕੌਮ (ਜਿਨਾਹ) ਨੇ ਕੀਤੀ ਸੀ। ਇਮਰਾਨ ਨੇ ਕਿਹਾ,''40 ਸਾਲ ਤੋਂ ਜਨਤਕ ਜੀਵਨ ਵਿਚ ਹਾਂ ਅਤੇ ਇਸ ਲਈ ਆਲੋਚਨਾ ਦੀ ਆਦਤ ਹੈ ਪਰ ਪਿਛਲੇ ਡੇਢ ਸਾਲ ਵਿਚ ਮੀਡੀਆ ਵਿਚ ਮੈਨੂੰ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ।'' ਉਹਨਾਂ ਨੇ ਅੱਗੇ ਕਿਹਾ ਕਿ ਸਭ ਤੋਂ ਬਿਹਤਰ ਮੈਂ ਇਹੀ ਕਰ ਸਕਦਾ ਸੀ ਕਿ ਮੈਂ ਅਖਬਾਰ ਪੜ੍ਹਨੀ ਅਤੇ ਸ਼ਾਮ ਵੇਲੇ ਚੈਟ ਸ਼ੋਅ ਦੇਖਣਾ ਬੰਦ ਕਰ ਦੇਵਾਂ। ਸਮੱਸਿਆ ਇਹ ਹੈ ਕਿ ਮੇਰੇ ਅਧਿਕਾਰੀ ਇਹਨਾਂ ਨੂੰ ਦੇਖਦੇ ਹਨ ਅਤੇ ਫਿਰ ਉਹਨਾਂ ਵਿਚ ਜੋ ਕਿਹਾ ਜਾਂਦਾ ਹੈ ਉਸ ਦੇ ਬਾਰੇ ਵਿਚ ਮੈਨੂੰ ਦੱਸਦੇ ਹਨ। 

ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਹੌਂਸਲਾ ਰੱਖੋ। ਇਹਨਾਂ ਸਾਰੀਆਂ ਆਲੋਚਨਾਵਾਂ ਦਾ ਮੁਕਾਬਲਾ ਕਰਨ ਅਤੇ ਆਖਿਰਕਾਰ ਸਫਲ ਹੋਣ ਲਈ ਬਹੁਤ ਰਾਜਨੀਤਕ ਇੱਛਾ ਸ਼ਕਤੀ ਅਤੇ ਸਾਹਸ ਦੀ ਲੋੜ ਹੋਵੇਗੀ। ਇਹ ਮੁਸ਼ਕਲ ਹੋਵੇਗਾ। ਥੋੜ੍ਹੇ ਸਮੇਂ ਲਈ ਦਰਦ ਹੋਵੇਗਾ ਅਤੇ ਅੱਗੇ ਸੰਘਰਸ਼ ਕਰਨਾ ਹੋਵੇਗਾ ਪਰ ਭਰੋਸਾ ਰੱਖੋ ਕਿ ਪਾਕਿਸਤਾਨ ਦਾ ਚੰਗਾ ਸਮਾਂ ਆਉਣ ਵਾਲਾ ਹੈ।ਇਮਰਾਨ ਨੇ ਕਿਹਾ,''ਜਦੋਂ ਤੁਸੀਂ ਸੁਧਾਰਾਂ ਦੀ ਪ੍ਰਕਿਰਿਆਵਾਂ ਵਿਚੋਂ ਲੰਘ ਰਹੇ ਹੋ ਖਾਸ ਕਰ ਕੇ ਪ੍ਰਬੰਧਕੀ ਸੁਧਾਰਾਂ ਦੀ ਤਾਂ ਇਸ ਦਾ ਤੁਰੰਤ ਨਤੀਜਾ ਮਿਲਣਾ ਸੰਭਵ ਨਹੀਂ। ਤੁਸੀਂ ਕਿਸੇ ਸੰਸਥਾ ਨੂੰ ਤੁਰੰਤ ਬਰਬਾਦ ਕਰ ਸਕਦੇ ਹੋ ਪਰ ਇਸ ਨੂੰ ਦੁਬਾਰਾ ਖੜ੍ਹਾ ਕਰਨ ਵਿਚ ਸਮਾਂ ਲੱਗਦਾ ਹੈ।''


Vandana

Content Editor

Related News