ਕੈਲੀਫੋਰਨੀਆ ''ਚ ਏਸ਼ੀਆਈ ਅਮਰੀਕੀਆਂ ''ਤੇ ਹਮਲਾ ਕਰਨ ਦੇ ਦੋਸ਼ ''ਚ ਸ਼ੱਕੀ ਗ੍ਰਿਫ਼ਤਾਰ
Saturday, Feb 13, 2021 - 08:34 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਓਕਲੈਂਡ ਵਿਚ ਏਸ਼ੀਆਈ ਭਾਈਚਾਰੇ ਦੇ ਲੋਕਾਂ ਉੱਪਰ ਹਿੰਸਕ ਹਮਲਿਆਂ ਦੇ ਸੰਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਦੱਸਿਆ ਕਿ ਪਿਛਲੇ ਮਹੀਨੇ ਓਕਲੈਂਡ ਦੇ ਚਾਈਨਾ ਟਾਊਨ ਵਿਚ ਏਸ਼ੀਆਈ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਿੰਨ ਹਮਲਿਆਂ ਦੇ ਸੰਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਕੇਸ ਦੇ ਮਾਮਲੇ ਵਿਚ ਅਲਮੇਡਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ, ਯਾਹਯਾ ਮੁਸਲਿਮ (28) ਨਾਮ ਦੇ ਵਿਅਕਤੀ 'ਤੇ ਹਮਲੇ, ਬਜ਼ੁਰਗਾਂ ਨਾਲ ਬਦਸਲੂਕੀ ਅਤੇ ਹੋਰ ਦੋਸ਼ ਲਗਾਏ ਗਏ ਹਨ। ਇੰਨਾ ਹੀ ਨਹੀਂ ਦਫ਼ਤਰ ਨੇ ਦੱਸਿਆ ਕਿ ਯਾਹਯਾ ਮੁਸਲਿਮ ਨੂੰ ਪਹਿਲਾਂ ਵੀ ਦੋ ਗੰਭੀਰ ਹਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਓਕਲੈਂਡ ਦੇ ਪੁਲਸ ਮੁਖੀ ਲੀਰੋਨ ਆਰਮਸਟ੍ਰਾਂਗ ਨੇ ਸੋਮਵਾਰ ਨੂੰ ਇਸ ਗ੍ਰਿਫ਼ਤਾਰੀ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਇਹ ਵਿਅਕਤੀ ਯਾਹਯਾ ਮੁਸਲਿਮ 31 ਜਨਵਰੀ ਨੂੰ ਇਕ ਵੀਡੀਓ ਵਿਚ ਸਾਹਮਣੇ ਆਏ 91 ਸਾਲਾ ਵਿਅਕਤੀ ਉੱਪਰ ਹਮਲੇ ਦੇ ਮਾਮਲੇ ਵਿਚ ਦੋਸ਼ੀ ਹੈ। ਇਸ ਦੇ ਨਾਲ ਹੀ ਉਸ 'ਤੇ ਉਸੇ ਹੀ ਦਿਨ ਦੋ ਹੋਰਾਂ 'ਤੇ ਹਮਲਾ ਕਰਨ ਦਾ ਦੋਸ਼ ਹੈ।
ਅਲੇਮੇਡਾ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਨੈਨਸੀ ਓ ਮੇਲੀ ਅਨੁਸਾਰ ਇਨ੍ਹਾਂ ਹਮਲਿਆਂ ਦੇ ਨਸਲੀ ਹਮਲਿਆਂ ਨਾਲ ਸੰਬੰਧਤ ਹੋਣ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਨੈਨਸੀ ਵਲੋਂ ਏਸ਼ੀਆਈ ਅਮਰੀਕੀ ਖ਼ਾਸਕਰ ਬਜ਼ੁਰਗ ਏਸ਼ੀਆਈ ਲੋਕਾਂ ਲਈ ਇਕ ਵਿਸ਼ੇਸ਼ ਪ੍ਰਤੀਕ੍ਰਿਆ ਯੂਨਿਟ ਬਣਾਉਣ ਦੀ ਵੀ ਘੋਸ਼ਣਾ ਕੀਤੀ ਹੈ। ਇਨ੍ਹਾਂ ਹਮਲਿਆਂ ਤੋਂ ਇਲਾਵਾ ਸਾਨ ਫ੍ਰਾਂਸਿਸਕੋ ਵਿਚ ਥਾਈਲੈਂਡ ਦੇ ਇਕ 84 ਸਾਲਾ ਵਿਅਕਤੀ ਦੀ 28 ਜਨਵਰੀ ਨੂੰ ਹਮਲਾ ਹੋਣ ਤੋਂ ਬਾਅਦ ਮੌਤ ਹੋ ਗਈ ਸੀ। ਇਸ ਦੇ ਸੰਬੰਧ ਵਿਚ ਇਕ 19 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਓਕਲੈਂਡ ਵਿਚ ਏਸ਼ੀਆਈ ਭਾਈਚਾਰੇ ਦੀ ਸੁਰੱਖਿਆ ਦੇ ਮੰਤਵ ਨਾਲ ਕਮਿਊਨਿਟੀ ਪ੍ਰਬੰਧਕਾਂ ਨੇ ਚਾਈਨਾ ਟਾਊਨ ਵਿਚ ਹਥਿਆਰਬੰਦ ਨਿੱਜੀ ਸੁਰੱਖਿਆ ਪ੍ਰਾਪਤ ਕਰਨ ਲਈ ਇਕ ਫੰਡ ਦੀ ਸਥਾਪਨਾ ਕੀਤੀ ਹੈ, ਜਿਸ ਵਿਚ ਮੰਗਲਵਾਰ ਤੱਕ 62,000 ਡਾਲਰ ਤੋਂ ਵੱਧ ਦਾਨ ਇਕੱਠਾ ਹੋਇਆ ਹੈ।