ਪੋਲੈਂਡ ’ਚ ਯੂਕ੍ਰੇਨੀ ਸ਼ਰਨਾਰਥੀਆਂ ਦੀ ਸਿੱਖ ਭਾਈਚਾਰੇ ਵੱਲੋਂ ਮਦਦ

04/01/2022 1:51:00 AM

ਰੋਮ (ਕੈਂਥ) : ਰੂਸ ਅਤੇ ਯੂਕ੍ਰੇਨ ’ਚ ਚੱਲ ਰਹੇ ਯੁੱਧ ਕਾਰਨ ਲੱਖਾਂ ਯੂਕ੍ਰੇਨੀ ਲੋਕ ਆਪਣਾ ਘਰ-ਬਾਰ ਛੱਡ ਜਾਨ ਬਚਾਉਣ ਲਈ ਨੇੜਲੇ ਦੇਸ਼ਾਂ ’ਚ ਸ਼ਰਨ ਲੈ ਰਹੇ ਹਨ। ਬੇਸ਼ੱਕ ਸਾਰੇ ਯੂਰਪੀਅਨ ਦੇਸ਼ਾਂ ਨੇ ਯੂਕ੍ਰੇਨੀ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਯੂਰਪ ਦਾਖਲ ਹੋਣ ਲਈ ਪੋਲੈਂਡ ਸਭ ਤੋਂ ਸੌਖਾ ਰਾਹ ਹੋਣ ਕਾਰਨ ਹਜ਼ਾਰਾਂ ਯੂਕ੍ਰੇਨੀ ਇਥੇ ਸ਼ਰਨਾਰਥੀ ਕੈਂਪਾਂ ’ਚ ਰਹਿਣ  ਤੋਂ ਬਾਅਦ ਅੱਗੇ ਜਾ ਰਹੇ ਹਨ। ਕਈ ਸਿੱਖ ਸੰਸਥਾਵਾਂ ਨੇ ਯੂਕ੍ਰੇਨ ਸਰਹੱਦ ’ਤੇ ਲੰਗਰ ਸ਼ੁਰੂ ਕੀਤੇ ਹੋਏ ਹਨ ਪਰ ਪੋਲੈਂਡ ਦੀ ਰਾਜਧਾਨੀ ਵਾਰਸਾ ਦੇ ਐਕਸਪੋ ਸੈਂਟਰ ਵਿਚਲੇ ਕੈਂਪ ’ਚ ਸ਼ਰਨਾਰਥੀਆਂ ਦੀ ਭੀੜ ਨੂੰ ਦੇਖਦਿਆਂ ਖਾਲਸਾ ਏਡ ਵੱਲੋਂ ਇੱਥੇ ਵੀ ਲੰਗਰ ਅਤੇ ਹੋਰ ਜ਼ਰੂਰਤ ਦੀਆਂ ਵਸਤਾਂ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ।

ਇਹ ਵੀ ਪੜ੍ਹੋ : ਬ੍ਰੈਸਟ ਕੈਂਸਰ ਦੀ ਜਲਦੀ ਪਛਾਣ ਲਈ ਪੰਜਾਬ ਦੇ ਸਿਹਤ ਵਿਭਾਗ ਨੇ ਸਮਝੌਤੇ 'ਤੇ ਕੀਤੇ ਦਸਤਖ਼ਤ

ਬੈਲਜੀਅਮ ਦੀ ਨਾਈਟ ਸ਼ੌਪ ਯੂਨੀਅਨ (ਜਿਸ ਦੇ ਜ਼ਿਆਦਾਤਰ ਮੈਂਬਰ ਪੰਜਾਬੀ ਭਾਈਚਾਰੇ ਨਾਲ ਸਬੰਧਤ ਹਨ) ਵੱਲੋਂ ਵੀ ਇਸ ਸੇਵਾ ਦੇ ਕੁੰਭ ’ਚ ਹਿੱਸਾ ਪਾਉਂਦਿਆਂ ਤਿੰਨ ਗੱਡੀਆਂ ਰਾਸ਼ਨ ਦੀਆਂ ਭੇਜੀਆਂ ਗਈਆਂ ਹਨ, ਜਿਨ੍ਹਾਂ ’ਚ ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਬੱਚਿਆਂ ਅਤੇ ਔਰਤਾਂ ਦੀ ਨਿੱਜੀ ਜ਼ਰੂਰਤ ਦਾ ਸਾਮਾਨ ਵੀ ਹੈ। ਬੈਲਜੀਅਮ ਤੋਂ 1500 ਕਿਲੋਮੀਟਰ ਦੂਰ ਇਹ ਸੇਵਾ ਪਹੁੰਚਾਉਣ ਲਈ ਪ੍ਰਿਤਪਾਲ ਸਿੰਘ ਪਟਵਾਰੀ, ਬਖਤਾਵਰ ਸਿੰਘ ਬਾਜਵਾ, ਪ੍ਰਲਾਦ ਸਿੰਘ, ਗੋਪੀ ਸਿੰਘ, ਬਹਾਦਰ ਸਿੰਘ, ਦੀਪਾ ਈਕਲੋ, ਮੋਂਟੀ ਸਿੰਘ ਅਤੇ ਜਰਮਨੀ ਤੋਂ ਭਾਈ ਪ੍ਰਤਾਪ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ। ਖਾਲਸਾ ਏਡ ਵੱਲੋਂ ਇਸ ਯੋਗਦਾਨ ਲਈ ਬੈਲਜੀਅਮ ਦੇ ਨਾਈਟ ਸ਼ੌਪ ਯੂਨੀਅਨ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦਿੱਲੀ ’ਚ ਜਨਤਕ ਥਾਵਾਂ ’ਤੇ ਮਾਸਕ ਨਾ ਪਹਿਨਣ ’ਤੇ ਨਹੀਂ ਲੱਗੇਗਾ ਜੁਰਮਾਨਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News