ਸੂਡਾਨ : ਰਾਸ਼ਟਰਪਤੀ ਖਿਲਾਫ ਪ੍ਰਦਰਸ਼ਨ ''ਚ ਇਕ ਵਿਅਕਤੀ ਦੀ ਮੌਤ
Sunday, Apr 07, 2019 - 10:31 AM (IST)

ਖਾਰਤੂਮ,(ਭਾਸ਼ਾ)— ਸੂਡਾਨ 'ਚ ਰਾਸ਼ਟਰਪਤੀ ਅਮਰ-ਅਲ-ਬਸ਼ੀਰ ਦੇ ਖਿਲਾਫ ਖਾਰਤੂਮ 'ਚ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀ ਖਾਰਤੂਮ ਦੀਆਂ ਸੜਕਾਂ 'ਤੇ 'ਵਨ ਆਰਮੀ ਵਨ ਪੀਪਲ' ਦੇ ਨਾਅਰੇ ਲਗਾ ਰਹੇ ਸਨ। ਇਸ ਦਾ ਪ੍ਰਬੰਧ ਕਰਨ ਵਾਲਿਆਂ ਨੇ ਫੌਜ ਦਫਤਰ ਦੇ ਕੰਪਲੈਕਸ ਤਕ ਲੋਕਾਂ ਨੂੰ ਮਾਰਚ ਕਰਨ ਦੀ ਅਪੀਲ ਕੀਤੀ ਸੀ। ਇਸ ਕੰਪਲੈਕਸ 'ਚ ਰਾਸ਼ਟਰਪਤੀ ਬਸ਼ੀਰ ਦਾ ਨਿਵਾਸ ਅਤੇ ਰੱਖਿਆ ਮੰਤਰਾਲੇ ਵੀ ਹੈ।
ਅਧਿਕਾਰੀਆਂ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਫੌਜ ਤੋਂ ਮੰਗ ਕਰਨਗੇ ਕਿ ਉਹ ਜਾਂ ਤਾਂ ਜਨਤਾ ਦਾ ਪੱਖ ਲੈਣ ਜਾਂ ਫਿਰ ਤਾਨਾਸ਼ਾਹ ਦਾ। ਪ੍ਰਦਰਸ਼ਨ ਦੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਸ਼ਾਂਤੀ, ਨਿਆਂ ਅਤੇ ਆਜ਼ਾਦੀ ਦੇ ਨਾਅਰੇ ਲਗਾ ਰਹੇ ਸਨ। ਪੁਲਸ ਬੁਲਾਰੇ ਜਨਰਲ ਹਾਸ਼ਿਮ ਅਬਦੇਲ ਰਹੀਮ ਨੇ ਅਧਿਕਾਰਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਖਾਰਤੂਮ ਅਤੇ ਹੋਰ ਸੂਬਿਆਂ 'ਚ ਗੈਰ-ਕਾਨੂੰਨੀ ਤਰੀਕੇ ਨਾਲ ਲੋਕ ਇਕੱਠੇ ਹੋਏ। ਪੁਲਸ ਨੇ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।