ਅਧਿਐਨ ''ਚ ਖੁਲਾਸਾ- ''43 ਫ਼ੀਸਦੀ ਬੱਚਿਆਂ ''ਚ ਮਿਲੇ ਕੋਰੋਨਾ ਵਾਇਰਸ ਐਂਟੀਬਾਡੀਜ਼''

Tuesday, Nov 17, 2020 - 10:48 AM (IST)

ਲੰਡਨ- ਇਕ ਤਾਜ਼ਾ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ 43 ਫ਼ੀਸਦੀ ਬੱਚਿਆਂ ਅੰਦਰ ਕੋਰੋਨਾ ਵਾਇਰਸ ਦੇ ਐਂਟੀਬਾਡੀਜ਼ ਹਨ। ਇਸ ਕਾਰਨ ਉਹ ਸਾਰਸ ਅਤੇ ਕੋਵਿਡ-2 ਵਰਗੇ ਵਾਇਰਸਾਂ ਤੋਂ ਬਚੇ ਰਹਿੰਦੇ ਹਨ। ਵਿਗਿਆਨ ਸਬੰਧੀ ਰਸਾਲੇ ਵਿਚ ਛਪੇ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਬੱਚਿਆਂ ਵਿਚ ਅਜਿਹੇ ਐਂਟੀਬਾਡੀਜ਼ ਹਨ, ਜੋ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਨਾਲ-ਨਾਲ ਹੋਰ ਵਾਇਰਸਾਂ ਤੋਂ ਵੀ ਬਚਾਉਣ ਦੀ ਸਮਰੱਥਾ ਰੱਖਦੇ ਹਨ।

ਇਸੇ ਲਈ ਕਾਫੀ ਬੱਚੇ ਇਸ ਸਮੇਂ ਫੈਲੇ ਕੋਰੋਨਾ ਵਾਇਰਸ ਤੋਂ ਬਚਣ ਦੇ ਸਮਰੱਥ ਰਹੇ ਹਨ। 
ਲੰਡਨ ਦੇ ਫਰਾਂਸਿਸ ਕਰਿਕ ਇੰਸਟੀਚਿਊਟ ਵਿਚ ਜਾਰਜ ਕੈਸਿਓਟਿਸ ਦੀ ਅਗਵਾਈ ਵਿਚ ਹੋਏ ਅਧਿਐਨ ਵਿਚ ਦੱਸਿਆ ਗਿਆ ਕਿ 5 ਫ਼ੀਸਦੀ ਬਾਲਗਾਂ ਵਿਚ ਐਂਟੀਬਾਡੀਜ਼ ਹੁੰਦੇ ਹਨ ਜਦਕਿ ਉਨ੍ਹਾਂ ਦੇ ਮੁਕਾਬਲੇ 43 ਫ਼ੀਸਦੀ ਬੱਚਿਆਂ ਵਿਚ ਐਂਟੀਬਾਡੀਜ਼ ਪਾਏ ਜਾਂਦੇ ਹਨ। 

ਅਧਿਐਨ ਕਰਤਾਵਾਂ ਨੇ ਦੱਸਿਆ ਕਿ 300 ਤੋਂ ਵੱਧ ਬਾਲਗਾਂ ਅਤੇ 48 ਬੱਚਿਆਂ ਅਤੇ ਬਾਲਗਾਂ ਦੇ ਸੈਂਪਲ ਲੈ ਕੇ ਇਨ੍ਹਾਂ ਵਿਚ ਅੰਤਰ ਦੇਖਿਆ ਗਿਆ। ਅਧਿਐਨ ਵਿਚ ਖੁਲਾਸਾ ਹੋਇਆ ਕਿ ਵਧੇਰੇ ਬੱਚਿਆਂ ਤੇ ਕੁਝ ਬਾਲਗਾਂ ਦੇ ਖੂਨ ਵਿਚ ਐਂਟੀਬਾਡੀਜ਼ ਹਨ। ਮਾਹਰਾਂ ਨੇ ਇਸ ਅਧਿਐਨ ਨੂੰ ਹੋਰ ਵੱਡੇ ਪੱਧਰ 'ਤੇ ਕਰਨ ਦਾ ਵਿਚਾਰ ਬਣਾਇਆ ਹੈ। ਅਜਿਹਾ ਨਹੀਂ ਹੈ ਕਿ ਬੱਚੇ ਕੋਰੋਨਾ ਵਾਇਰਸ ਦੇ ਸ਼ਿਕਾਰ ਨਹੀਂ ਹੁੰਦੇ ਪਰ ਵਧੇਰੇ ਬੱਚਿਆਂ ਵਿਚ ਐਂਟੀਬਾਡੀਜ਼ ਹੋਣ ਕਾਰਨ ਉਹ ਬਚ ਜਾਂਦੇ ਹਨ। 


Lalita Mam

Content Editor

Related News