ਢਾਕਾ : ਸੜਕ ਸੁਰੱਖਿਆ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ
Sunday, Aug 05, 2018 - 05:56 PM (IST)

ਢਾਕਾ (ਏਜੰਸੀ)— ਬੰਗਲਾਦੇਸ਼ ਦੇ ਵਿਦਿਆਰਥੀ ਰਾਜਧਾਨੀ ਢਾਕਾ ਦੀਆਂ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਵਲੋਂ ਇਹ ਪ੍ਰਦਰਸ਼ਨ ਦੇਸ਼ ਦੀਆਂ ਸੜਕਾਂ 'ਤੇ ਟ੍ਰੈਫਿਕ ਵਿਵਸਥਾ ਦੀ ਮਾੜੀ ਹਾਲਤ ਵਿਰੁੱਧ ਹੋ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਚੱਲੀਆਂ ਜਾਂਦੀਆਂ ਹਨ। ਇੱਥੇ ਦੱਸ ਦੇਈਏ ਕਿ ਬੰਗਲਾਦੇਸ਼ ਦੇ ਨੌਜਵਾਨ ਵਿਦਿਆਰਥੀ ਸੜਕ ਹਾਦਸੇ ਵਿਚ 2 ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਦੋਹਾਂ ਵਿਦਿਆਰਥੀਆਂ ਦੀ ਮੌਤ ਤੇਜ਼ ਰਫਤਾਰ ਬੱਸ ਨਾਲ ਹੋਈ ਸੀ। ਵਿਰੋਧ ਪ੍ਰਦਰਸ਼ਨ ਉਸ ਸਮੇਂ ਹਿੰਸਕ ਹੋ ਗਿਆ, ਜਦੋਂ ਕੁਝ ਵਿਦਿਆਰਥੀਆਂ ਨੇ ਪੁਲਸ 'ਤੇ ਪੱਥਰਬਾਜ਼ੀ ਕੀਤੀ। ਇਸ ਵਿਰੋਧ ਪ੍ਰਦਰਸ਼ਨ ਵਿਚ ਕੁਝ ਵਿਦਿਆਰਥੀ ਵੀ ਜ਼ਖਮੀ ਵੀ ਹੋ ਗਏ।
ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਨੇ ਵਾਹਨਾਂ ਨੂੰ ਰੋਕ ਦਿੱਤਾ, ਜਿਸ 'ਚ ਜੱਜਾਂ ਅਤੇ ਉੱਚ ਅਧਿਕਾਰੀਆਂ ਦੇ ਵਾਹਨ ਵੀ ਸ਼ਾਮਲ ਸਨ। ਵਿਦਿਆਰਥੀਆਂ ਦੀ ਮੰਗ ਹੈ ਕਿ ਸੜਕਾਂ ਸੁਰੱਖਿਅਤ ਹੋਣ। ਬੰਗਲਾਦੇਸ਼ ਵਿਚ ਹਰ ਸਾਲ ਤਕਰੀਬਨ 12 ਹਜ਼ਾਰ ਲੋਕ ਸੜਕ ਹਾਦਸਿਆਂ ਵਿਚ ਮਰ ਰਹੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਘਟਨਾਵਾਂ ਖਰਾਬ ਵਾਹਨਾਂ, ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਟ੍ਰੈਫਿਕ ਦੇ ਢਿੱਲੇ ਨਿਯਮਾਂ ਦੀ ਵਜ੍ਹਾ ਨਾਲ ਹੋ ਰਹੀਆਂ ਹਨ। ਟਰਾਂਸਪੋਰਟ ਸੈਕਟਰ ਵਿਚ ਭ੍ਰਿਸ਼ਟਾਚਾਰ ਇਸ ਕਦਰ ਹੈ ਕਿ ਬਿਨਾਂ ਲਾਇਸੈਂਸ ਵਾਲੇ ਡਰਾਈਵਰਾਂ ਅਤੇ ਗੈਰ-ਰਜਿਸਟਰਡ ਵਾਹਨਾਂ ਨੂੰ ਸੜਕਾਂ 'ਤੇ ਚਲਾਉਣਾ ਬੇਹੱਦ ਆਸਾਨ ਹੋ ਗਿਆ ਹੈ।