ਕਸਰਤ ਕਰਨ ਵਾਲਿਆਂ ਦਾ ਦਿਮਾਗ ਹੁੰਦੈ ਤੇਜ਼ : ਅਧਿਐਨ

04/23/2018 11:50:00 AM

ਸਿਡਨੀ— ਕਸਰਤ, ਪੌਸ਼ਟਿਕ ਭੋਜਨ ਹੀ ਚੰਗੀ ਸਿਹਤ ਦਾ ਰਾਜ਼ ਹਨ। ਇੱਥੇ ਇਹ ਗੱਲ ਵੀ ਬਾਖੂਬੀ ਢੁੱਕਦੀ ਹੈ ਕਿ ਬਾਕੀ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ। ਜੀ ਹਾਂ, ਤੰਦਰੁਸਤ ਰਹਿਣਾ ਅੱਜ ਦੇ ਸਮੇਂ ਵਿਚ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਬਹੁਤ ਹੀ ਰੁਝੇਵਿਆਂ ਭਰੀ ਹੋ ਗਈ ਹੈ। ਜੋ ਲੋਕ ਜਿਮ ਵਿਚ ਪਸੀਨਾ ਵਹਾ ਕੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ, ਉਨ੍ਹਾਂ ਦਾ ਦਿਮਾਗ ਵੀ ਚੰਗੀ ਤਰ੍ਹਾਂ ਕੰਮ ਕਰਦਾ ਹੈ। ਤਕਰੀਬਨ 5 ਲੱਖ ਲੋਕਾਂ 'ਤੇ ਕੀਤੇ ਗਏ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਸਰੀਰਕ ਰੂਪ ਨਾਲ ਮਜ਼ਬੂਤ ਲੋਕਾਂ ਨੇ ਬ੍ਰੇਨ ਫੰਕਸ਼ਨ ਟੈਸਟ (ਦਿਮਾਗ ਦੇ ਕੰਮ ਕਰਨ ਦਾ ਪਰੀਖਣ) ਕਰਵਾਇਆ, ਜਿਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ।
ਸ਼ਿੰਜ਼ੋਫਰੇਨੀਆ ਬੁਲੇਟਿਨ ਮੈਗਜ਼ੀਨ ਵਿਚ ਪ੍ਰਕਾਸ਼ਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਹੱਥ ਦੀ ਪਕੜ ਕਿੰਨੀ ਮਜ਼ਬੂਤ ਹੈ, ਇਸ ਨਾਲ ਮਾਸਪੇਸ਼ੀਆਂ ਦੀ ਤਾਕਤ ਦਾ ਪਤਾ ਲੱਗਾ ਹੈ, ਜੋ ਦੱਸਦਾ ਹੈ ਕਿ ਸਾਡਾ ਦਿਮਾਗ ਕਿੰਨਾ ਤੰਦਰੁਸਤ ਹੈ। ਆਸਟ੍ਰੇਲੀਆ ਦੇ ਪੱਛਮੀ ਸਿਡਨੀ ਯੂਨੀਵਰਸਿਟੀ ਵਿਚ ਐਨ. ਆਈ. ਸੀ. ਐੱਮ. ਹੈੱਲਥ ਰਿਸਰਚ ਇੰਸਟੀਚਿਊਟ ਦੇ ਅਧਿਐਨ ਦੇ ਸਹਿ-ਲੇਖਕ ਜੋਸੇਫ ਫਰਥ ਨੇ ਕਿਹਾ ਕਿ ਸਾਡਾ ਅਧਿਐਨ ਸਾਬਤ ਕਰਦਾ ਹੈ ਕਿ ਜੋ ਲੋਕ ਮਜ਼ਬੂਤ ਹੁੰਦੇ ਹਨ, ਉਨ੍ਹਾਂ ਦਾ ਦਿਮਾਗ ਵੀ ਬਿਹਤਰ ਹੁੰਦਾ ਹੈ। ਬ੍ਰਿਟੇਨ ਦੇ ਤਕਰੀਬਨ 4 ਲੱਖ 75 ਹਜ਼ਾਰ 397 ਉਮੀਦਵਾਰਾਂ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਇਹ ਅਧਿਐਨ ਕੀਤਾ ਗਿਆ। ਇਸ ਅਧਿਐਨ ਵਿਚ ਦੇਖਿਆ ਗਿਆ ਕਿ ਮਜ਼ਬੂਤ ਸਰੀਰ ਵਾਲੇ ਲੋਕਾਂ ਨੇ ਬ੍ਰੇਨ ਫੰਕਸਨ ਟੈਸਟ 'ਚ ਬਿਹਤਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਪ੍ਰਤੀਕਿਰਿਆ ਦੀ ਗਤੀ, ਲਾਜ਼ੀਕਲ ਸਮੱਸਿਆ ਹੱਲ ਕਰਨ ਅਤੇ ਯਾਦਦਾਸ਼ਤ ਸ਼ਕਤੀ ਕਿਵੇਂ ਹੈ, ਇਹ ਪਤਾ ਲਾਉਣ ਲਈ ਵੱਖ-ਵੱਖ ਤਰ੍ਹਾਂ ਦੇ ਪਰੀਖਣ ਕੀਤੇ ਗਏ ਸਨ।


Related News