US, ਸਪੇਨ ਤੇ ਆਸਟਰੇਲੀਆ ਸਣੇ ਕਈ ਦੇਸ਼ਾਂ ਵਿਚ ਨਜ਼ਰ ਆਈ ਅਜੀਬ ਨੀਲੀ ਰੌਸ਼ਨੀ (ਵੀਡੀਓਜ਼)
Tuesday, May 12, 2020 - 02:48 PM (IST)

ਵਾਸ਼ਿੰਗਟਨ- ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਆਸਮਾਨ ਵਿਚ ਅਜੀਬ ਰੌਸ਼ਨੀਆਂ ਤੇ ਯੂ.ਐਫ.ਓ. ਜਿਹੀਆਂ ਚੀਜ਼ਾਂ ਦੇਖੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਮਰੀਕਾ ਦੇ ਟੈਕਸਾਸ ਤੇ ਲਾਸ ਵੇਗਾਸ ਵਿਚ ਬੀਤੇ ਦਿਨੀਂ ਅਜੀਬ ਰੌਸ਼ਨੀਆਂ ਨਜ਼ਰੀ ਆਈਆਂ ਸਨ। ਹੁਣ ਕਈ ਦੇਸ਼ਾਂ ਤੋਂ ਆਸਮਾਨ ਵਿਚ ਅਜੀਬ ਨੀਲੇ ਰੰਗ ਦੀ ਰੌਸ਼ਨੀ ਦੇਖੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਮਾਮਲਾ ਕਿਸੇ ਇਕ ਦੇਸ਼ ਦਾ ਨਹੀਂ ਹੈ ਬਲਕਿ ਅਮਰੀਕਾ, ਆਸਟਰੇਲੀਆ, ਸਪੇਨ, ਰੂਸ ਸਣੇ ਕਈ ਦੇਸ਼ਾਂ ਤੋਂ ਅਜਿਹੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋਈਆਂ ਹਨ, ਜਿਹਨਾਂ ਵਿਚ ਇਹ ਅਜੀਬ ਨੀਲੀ ਰੌਸ਼ਨੀ ਨਜ਼ਰ ਆ ਰਹੀ ਹੈ।
ਇਸ ਅਜੀਬ ਨੀਲੀ ਰੌਸ਼ਨੀ ਦੇ ਨਜ਼ਰ ਆਉਣ ਦਾ ਸਿਲਸਿਲਾ ਬੀਤੇ ਸਾਲ ਤੋਂ ਹੀ ਸ਼ੁਰੂ ਹੋ ਗਿਆ ਸੀ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੀ ਰੌਸ਼ਨੀ ਮਾਰਚ ਦੇ ਅਖੀਰ ਵਿਚ ਸਪੇਨ ਦੇ ਮੈਡ੍ਰਿਡ ਸ਼ਹਿਰ ਵਿਚ ਨਜ਼ਰ ਆਈ ਸੀ। ਇਹ ਇਕ ਸੋਸਾਇਟੀ ਦੇ ਉੱਪਰ ਆਸਮਾਨ ਵਿਚ ਨਜ਼ਰ ਆਈ ਤੇ ਕਈ ਲੋਕਾਂ ਨੇ ਇਸ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਲੋਕਾਂ ਦੇ ਮੁਤਾਬਕ ਇਹ ਤਕਰੀਬਨ 7 ਮਿੰਟਾਂ ਤੱਕ ਨਜ਼ਰ ਆਉਂਦੀ ਰਹੀ।
ਇਸ ਤੋਂ ਬਾਅਦ ਨਿਊਯਾਰਕ ਦੇ ਕਵੀਨਸ ਵਿਚ ਵੀ ਅਜਿਹੀ ਹੀ ਰੌਸ਼ਨੀ ਆਸਮਾਨ ਵਿਚ ਨਜ਼ਰ ਆਈ। 1 ਅਪ੍ਰੈਲ ਨੂੰ ਕਵੀਨਸ ਦਾ ਆਸਮਾਨ ਵੀ ਨੀਲਾ ਹੋ ਗਿਆ ਹਾਲਾਂਕਿ ਬਾਅਦ ਵਿਚ ਅਜਿਹਾ ਦੱਸਿਆ ਗਿਆ ਕਿ ਇਕ ਬਿਜਲੀ ਘਰ ਵਿਚ ਅੱਗ ਲੱਘਣ ਕਾਰਨ ਰਾਤ ਵਿਚ ਇਸ ਤਰ੍ਹਾਂ ਦੀ ਰੌਸ਼ਨੀ ਆਸਮਾਨ ਵਿਚ ਨਜ਼ਰ ਆ ਸਕਦੀ ਹੈ।
ਨਿਊਯਾਰਕ ਵਿਚ ਵੀ ਇਹ ਵੀਡੀਓ ਸੋਸ਼ਲ ਮੀਡਆ 'ਤੇ ਬਹੁਤ ਵਾਇਰਲ ਹੋਈ ਤੇ ਇਸ ਨੂੰ ਬਹੁਤ ਅਜੀਬ ਦੱਸਿਆ ਗਿਆ। ਅਮਰੀਕਾ ਦੇ ਹੀ ਪੈਂਸਲਵੇਨੀਆ ਵਿਚ ਇਸੇ ਤਰ੍ਹਾਂ ਦੀ ਨੀਲੀ ਰੌਸ਼ਨੀ ਨਜ਼ਰ ਆਉਣ ਦੀ ਘਟਨਾ ਸਾਹਮਣੇ ਆਈ ਹੈ। ਇਥੋਂ ਵੀ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।
14 ਅਪ੍ਰੈਲ ਨੂੰ ਵੈਸਟਰਨ ਆਸਟਰੇਲੀਆ ਦੇ ਆਸਮਾਨ ਵਿਚ ਵੀ ਇਸੇ ਤਰ੍ਹਾਂ ਦੀ ਨੀਲੀ ਰੌਸ਼ਨੀ ਦੇਖੇ ਜਾਣ ਦੀ ਘਟਨਾ ਸਾਹਮਣੇ ਆਈ। ਇਹ ਤਕਰੀਬਨ ਅਜਿਹੀ ਹੀ ਨੀਲੀ ਰੌਸ਼ਨੀ ਸੀ ਜਿਵੇਂ ਦੀ ਅਮਰੀਕਾ ਤੇ ਸਪੇਨ ਵਿਚ ਨਜ਼ਰ ਆਈ ਸੀ। ਇਹ ਤਸਵੀਰਾਂ ਆਸਟਰੇਲੀਆ ਵਿਚ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈਆਂ ਪਰ ਇਥੋਂ ਦੇ ਲੋਕਾਂ ਨੇ ਇਸ ਨੂੰ ਯੂ.ਐਫ.ਓ. ਜਾਂ ਏਲੀਅਨ ਨਾਲ ਜੋੜ ਕੇ ਸਰਕਾਰ ਦੇ ਕਿਸੇ ਖੁਫੀਆ ਟੈਸਟ ਦਾ ਸ਼ੱਕ ਜ਼ਾਹਿਰ ਕੀਤਾ। ਹਾਲਾਂਕਿ ਕਈ ਲੋਕਾਂ ਨੇ ਕਿਹਾ ਕਿ ਇਹ ਰੌਸ਼ਨੀ ਬਹੁਤ ਅਜੀਬ ਸੀ ਤੇ ਲੱਗ ਰਿਹਾ ਸੀ ਕਿ ਇਹ ਜਗ-ਬੁੱਝ ਰਹੀ ਹੈ। ਇਸੇ ਤਰ੍ਹਾਂ ਦੀਆਂ ਤਸਵੀਰਾਂ ਰੂਸ ਤੋਂ ਵੀ ਸਾਹਮਣੇ ਆਈਆਂ ਹਨ।