ਸਟਾਕਟਨ ''ਚ ਨਗਰ ਕੀਰਤਨ ਮੌਕੇ ''ਆਪ'' ਵਲੰਟੀਅਰਾਂ ਨੇ ਵਿਸ਼ੇਸ਼ ਬੂਥ ਲਗਾ ਕੇ ਪੰਜਾਬੀਆਂ ਦਾ ਕੀਤਾ ਧੰਨਵਾਦ
Tuesday, Apr 19, 2022 - 09:58 AM (IST)

ਫਰਿਜਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰੂ ਜਿੱਤ ਮਗਰੋਂ ਦੁਨੀਆ ਭਰ ਦੇ ਐਨ. ਆਰ. ਆਈ. ਵੀਰ-ਭੈਣ ਖੁਸ਼ੀ ਵਿੱਚ ਖੀਵੇ ਹੋਏ ਆਪੋ ਆਪਣੇ ਸ਼ਹਿਰਾਂ ਵਿੱਚ ਪ੍ਰੋਗਰਾਮ ਕਰ ਰਹੇ ਹਨ। ਇਹਨਾਂ ਚਾਵਾਂ ਨੂੰ ਹੋਰ ਦੂਣ ਸਵਾਇਆ ਕਰਨ ਲਈ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਦੇ ਇਤਿਹਾਸਕ ਗੁਰੂਘਰ ਵੱਲੋਂ ਵਿਸਾਖੀ ਮੌਕੇ ਸਜਾਏ ਜਾਂਦੇ ਨਗਰ ਕੀਰਤਨ ਮੌਕੇ 'ਆਪ' ਵਲੰਟੀਅਰਾਂ ਨੇ ਵਿਸ਼ੇਸ਼ ਬੂਥ ਲਗਾ ਕੇ ਪੰਜਾਬੀਆਂ ਦਾ ਧੰਨਵਾਦ ਕੀਤਾ। ਇਸ ਮੌਕੇ 'ਆਪ' ਵਲੰਟੀਅਰ ਇੱਕ ਵੱਖਰੇ ਜਾਹੋ-ਜਲਾਲ ਵਿੱਚ ਰੰਗੇ ਕੈਲੀਫੋਰਨੀਆ ਦੇ ਵੱਖੋ-ਵੱਖ ਸ਼ਹਿਰਾਂ ਤੋਂ ਪਹੁੰਚੇ ਹੋਏ ਸਨ।
ਇਸ ਮੌਕੇ 'ਆਪ' ਵਲੰਟੀਅਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਕ੍ਰਾਂਤੀ ਪੰਜਾਬ ਵਿੱਚੋਂ ਜਨਮ ਲੈਂਦੀ ਹੈ। ਅਸੀਂ ਅਣਖੀ ਲੋਕ ਗੁਲਾਮੀ ਦਾ ਜੂਲ਼ਾ ਗਲ਼ੋਂ ਲਾਉਣਾ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਲੰਬੇ ਸਮੇਂ ਦੀ ਮਿਹਨਤ ਅਤੇ ਲਗਨ ਨੂੰ ਬੂਰ ਪਿਆ ਹੈ, ਜਿਸ ਸਦਕਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਇਤਿਹਾਸ ਵਿੱਚ ਇਕ ਅਣ-ਕਿਆਸੀ, ਇਤਿਹਾਸਕ ਜਿੱਤ ਦਿਵਾਈ ਹੈ, ਜਿਸ ਵਿੱਚ ਪੰਜਾਬ ਦੇ ਤਮਾਮ NRI ਪਰਿਵਾਰਾਂ ਨੇ, ਭਾਵੇਂ ਉਹ ਧਰਤੀ ਦੇ ਕਿਸੇ ਵੀ ਹਿੱਸੇ ਵਿਚ ਵੱਸਦੇ ਹੋਣ, ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਗਦਰੀ ਬਾਬਿਆਂ ਦੀ ਧਰਤੀ ਸਟਾਕਟਨ ਤੋਂ ਪੰਜਾਬੀਆਂ ਵੱਲੋਂ ਮਾਰੀ ਵੱਡੀ ਮੱਲ ਲਈ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਸਮੂਹ ਪੰਜਾਬੀਆ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਪਣਾ ਫਰਜ ਨਿਭਾ ਦਿੱਤਾ ਅਤੇ ਹੁਣ 'ਆਪ' ਸਰਕਾਰ ਕੰਮ ਕਰਕੇ ਪੰਜਾਬੀਆਂ ਦਾ ਕਰਜ਼ ਉਤਾਰੇਗੀ।