ਭਾਰਤੀ ਮੂਲ ਦੇ ਲੋਕਾਂ ਲਈ ਮਦਦਗਾਰ ਰਹੇ ਸ਼੍ਰੀਲੰਕਾਈ ਮੰਤਰੀ ਦਾ ਦਿਹਾਂਤ
Wednesday, May 27, 2020 - 10:15 AM (IST)
ਕੋਲੰਬੋ- ਸ਼੍ਰੀਲੰਕਾ ਦੇ ਇਕ ਸਾਬਕਾ ਨੇਤਾ ਅਰਮੁਗਮ ਥੋਂਦਮਨ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। 56 ਸਾਲਾ ਥੋਂਦਮਨ ਭਾਰਤੀ ਮੂਲ ਦੇ ਲੋਕਾਂ ਦੀ ਅਗਵਾਈ ਕਰਦੇ ਸਨ। ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਹ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ। ਉਹ ਇੱਥੇ ਰਾਜਨੀਤਕ ਦਲ ਸੀਲੋਨ ਵਰਕਰਜ਼ ਕਾਂਗਰਸ ਦੇ ਨੇਤਾ ਸਨ। ਉਨ੍ਹਾਂ ਦੇ ਰਾਜਨੀਤਕ ਦਲ ਨੇ ਕੇਂਦਰੀ ਚਾਹ ਬਾਗਾਂ ਵਿਚ ਭਾਰਤੀ ਮੂਲ ਦੇ ਤਮਿਲ ਲੋਕਾਂ ਦਾ ਪ੍ਰਤੀਨਿਧਤਵ ਕੀਤਾ। ਥੋਂਦਮਨ 1980 ਦੇ ਦਹਾਕੇ ਦੇ ਮੱਧ ਵਿਚ ਚਾਹ ਦੇ ਬਾਗਾਂ ਵਿਚ ਕੰਮ ਕਰਨ ਵਾਲੇ ਭਾਰਤੀ ਲੋਕਾਂ ਨੂੰ ਸ਼੍ਰੀਲੰਕਾਈ ਨਾਗਰਿਕਤਾ ਦਿਲਾਉਣ ਲਈ ਅਹਿਮ ਭੂਮਿਕਾ ਵਿਚ ਸਨ।
ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੂੰ ਦਸੰਬਰ ਵਿਚ ਪਸ਼ੂਧਨ ਵਿਕਾਸ ਮੰਤਰੀ ਚੁਣਿਆ ਗਿਆ ਸੀ।
ਉਹ ਨਵੀਂ ਸੰਸਦ ਦੀ ਨਿਯੁਕਤੀ ਲਈ ਚੋਣਾਂ ਵਿਚ ਉਮੀਦਵਾਰ ਦੇ ਰੂਪ ਵਿਚ ਸਨ। ਹਾਲਾਂਕਿ ਕੋਵਿਡ-19 ਕਾਰਨ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਉਨ੍ਹਾਂ ਨੇ ਨਵੇਂ ਭਾਰਤੀ ਅੰਬੈਸਡਰ ਨਾਲ ਕੋਲੰਬੋ ਵਿਚ ਮੁਲਾਕਾਤ ਕਰਨੀ ਸੀ ਪਰ ਕੋਰੋਨਾ ਵਾਇਰਸ ਕਾਰਨ ਅਜੇ ਇਹ ਕੰਮ ਵੀ ਮੁਲਤਵੀ ਸੀ। ਭਾਰਤੀ ਮੂਲ ਦੇ ਲੋਕਾਂ ਲਈ ਮਦਦਗਾਰ ਰਹਿਣ ਵਾਲੇ ਨੇਤਾ ਨੂੰ ਦੇਸ਼ ਨੇ ਸ਼ਰਧਾਂਜਲੀ ਦਿੱਤੀ ਹੈ।