ਸ਼੍ਰੀਲੰਕਾ ਦੀ ਅਦਾਲਤ ਨੇ ਮਸ਼ਹੂਰ YouTuber ਨੂੰ 4 ਦਿਨਾਂ ਲਈ ਪੁਲਸ ਹਿਰਾਸਤ ''ਚ ਭੇਜਿਆ, ਜਾਣੋ ਮਾਮਲਾ
Friday, Jan 06, 2023 - 05:20 PM (IST)
ਕੋਲੰਬੋ (ਭਾਸ਼ਾ)- ਭਗਵਾਨ ਬੁੱਧ ਦੇ ਪਵਿੱਤਰ ਦੰਦਾਂ ਦੇ ਪ੍ਰਤੀਕ ਉੱਤੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਸ਼੍ਰੀਲੰਕਾ ਦੇ ਇੱਕ ਮਸ਼ਹੂਰ ਯੂਟਿਊਬਰ ਨੂੰ ਸ਼ੁੱਕਰਵਾਰ ਨੂੰ ਇੱਥੋਂ ਦੀ ਇੱਕ ਅਦਾਲਤ ਨੇ ਚਾਰ ਦਿਨ ਦੀ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਸ ਨੂੰ ਕੋਲੰਬੋ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 'ਟੈਂਪਲ ਆਫ ਦਿ ਸੈਕਰਡ ਟੂਥ ਰੇਲਿਕ' ਕੈਂਡੀ ਵਿੱਚ ਸਥਿਤ ਇੱਕ ਬੁੱਧ ਮੰਦਰ ਹੈ। ਇਹ ਕੈਂਡੀ ਦੇ ਸਾਬਕਾ ਸਾਮਰਾਜ ਦੇ ਸ਼ਾਹੀ ਮਹਿਲ ਕੰਪਲੈਕਸ ਵਿੱਚ ਸਥਿਤ ਹੈ, ਜਿੱਥੇ ਭਗਵਾਨ ਬੁੱਧ ਦੇ ਦੰਦਾਂ ਦੇ ਅਵਸ਼ੇਸ਼ ਰੱਖੇ ਹੋਏ ਹਨ।
ਕਾਰਕੁਨ ਅਤੇ ਯੂਟਿਊਬਰ ਸਿਪਲ ਅਮਰਸਿੰਘੇ ਨੂੰ ਸ੍ਰੀਲੰਕਾ ਪੁਲਸ ਨੇ ਅਦਾਲਤ ਵਿੱਚ ਪੇਸ਼ ਕੀਤਾ, ਜਿਸ ਤੋਂ ਬਾਅਦ ਕੋਲੰਬੋ ਦੇ ਵਧੀਕ ਮੈਜਿਸਟਰੇਟ ਨੇ ਉਸ ਨੂੰ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। ਅਮਰਸਿੰਘੇ ਨੂੰ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਨੇ ਵੀਰਵਾਰ ਨੂੰ ਸ਼੍ਰੀਲੰਕਾ ਦੀ 74 ਫ਼ੀਸਦੀ ਬੁੱਧ ਆਬਾਦੀ ਦੇ ਸਭ ਤੋਂ ਪਵਿੱਤਰ ਸਥਾਨ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਗ੍ਰਿਫ਼ਤਾਰ ਕੀਤਾ ਸੀ।
ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਅਮਰਸਿੰਘੇ ਦੇ ਯੂਟਿਊਬ ਚੈਨਲ 'ਤੇ ਉਸ ਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਸੀ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਪਾਇਆ ਗਿਆ ਹੈ ਕਿ ਸ਼ੱਕੀ ਨੇ ਇੱਕ ਦੰਦਾਂ ਦੇ ਅਵਸ਼ੇਸ਼ ਦਾ ਅਪਮਾਨ ਅਤੇ ਬੁੱਧ ਧਰਮ ਦਾ ਨਿਰਾਦਰ ਕਰਨ ਦਾ ਅਪਰਾਧ ਕੀਤਾ ਹੈ। ਅਮਰਸਿੰਘੇ ਦੇ ਯੂਟਿਊਬ ਚੈਨਲ 'ਤੇ ਕਰੀਬ 80,000 ਸਬਸਕ੍ਰਾਈਬਰ ਹਨ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਗੈਰ-ਰਵਾਇਤੀ ਵਿਚਾਰਾਂ ਲਈ ਜਾਣਿਆ ਜਾਂਦਾ ਹੈ।