ਆਰਥਿਕ ਸੰਕਟ ਨਾਲ ਸ਼੍ਰੀਲੰਕਾ ਬੇਹਾਲ, ਭਾਰਤ ਤੋਂ ਮੰਗਿਆ 1.5 ਅਰਬ ਡਾਲਰ ਦਾ ਕਰਜ਼ਾ
Sunday, Apr 24, 2022 - 06:55 PM (IST)
ਇੰਟਰਨੈਸ਼ਨਲ ਡੈਸਕ- ਕੋਰੋਨਾ ਮਹਾਮਾਰੀ ਦੇ ਚਲਦੇ ਪੂਰੀ ਦੁਨੀਆ ਦੀ ਅਰਥਵਿਵਸਥਾ ਡਾਵਾਂਡੋਲ ਹੋਈ ਪਈ ਹੈ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਨੇਪਾਲ ਤੇ ਸ਼੍ਰੀਲੰਕਾ ਜਿਹੇ ਦੇਸ਼ਾਂ 'ਤੇ ਪਿਆ ਹੈ ਜੋ ਲਗਭਗ ਕੰਗਾਲੀ ਦੇ ਕਗਾਰ 'ਤੇ ਪੁੱਜ ਚੁੱਕੇ ਹਨ। ਭਾਰਤ ਦੇ ਗੁਆਂਢੀ ਦੇਸ਼ ਸ਼੍ਰੀਲੰਕਾ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਆਰਥਿਕ ਸੰਕਟ ਦੇ ਦਰਮਿਆਨ ਸ਼੍ਰੀਲੰਕਾ ਨੇ ਭਾਰਤ ਤੋਂ 1.5 ਅਰਬ ਡਾਲਰ ਦਾ ਕਰਜ਼ਾ ਮੰਗਿਆ ਹੈ।
ਵਿੱਤ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ ਦੇਸ਼ ਗੰਭੀਰ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਸ਼੍ਰੀਲੰਕਾ ਨੇ ਆਯਾਤ ਲਈ ਭਾਰਤ ਤੋਂ ਇਕ ਅਰਬ ਅਮਰੀਕੀ ਡਾਲਰ ਦਾ ਕਰਜ਼ਾ ਤੇ ਨਾਲ ਹੀ ਤੇਲ ਆਯਾਤ ਲਈ 500 ਮਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ ਮੰਗਿਆ ਹੈ। ਸ਼੍ਰੀਲੰਕਾ ਦੇ ਵਿੱਤ ਮੰਤਰੀ ਅਲੀ ਸਾਬਰੀ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਤੋਂ ਇਕ ਆਨਲਾਈਨ ਬ੍ਰੀਫਿੰਗ 'ਚ ਪੱਤਰਕਾਰਾ ਨੂੰ ਕਿਹਾ ਕਿ ਭਾਰਤ ਨਾਲ ਗੱਲਬਾਤ ਬਹੁਤ ਸਫਲ ਰਹੀ ਹੈ।
ਸ਼੍ਰੀਲੰਕਾ ਦੇ ਖ਼ਬਰਾਂ ਦੇ ਇਕ ਆਊਟਲੇਟ ਇਕੋਨਮੀ ਨੈਕਸਟ ਦੇ ਮੁਤਾਬਕ ਭਾਰਤ ਦੀ ਵਿੱਤ ਮੰਤਰੀ (ਨਿਰਮਲਾ ਸੀਤਾਰਮਨ) ਦੇ ਨਾਲ ਅਧਿਕਾਰਤ ਪੱਧਰ 'ਤੇ ਗੱਲਬਾਤ 'ਚ ਤੇਲ ਲਈ 500 ਮਿਲੀਅਨ ਅਮਰੀਕੀ ਡਾਲਰ ਦੀ ਸਹੂਲਤ ਦੇਣ 'ਤੇ ਸਹਿਮਤੀ ਬਣੀ ਹੈ। ਇਸ ਤੋਂ ਇਲਾਵਾ ਸ਼੍ਰੀਲੰਕਾ ਵਲੋਂ ਆਯਾਤ ਲਈ ਇਕ ਅਰਬ ਅਮਰੀਕੀ ਡਾਲਰ ਦੀ ਮੰਗ ਕੀਤੀ ਗਈ ਹੈ ਜਿਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਭਾਰਤ ਪਹਿਲਾਂ ਹੀ ਸ਼੍ਰੀਲੰਕਾ ਨੂੰ ਇਕ ਹੋਰ 1 ਬਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਦਾ ਐਲਾਨ ਕਰ ਚੁੱਕਾ ਹੈ ਤਾਂ ਜੋ ਟਾਪੂ ਰੂਪੀ ਦੇਸ਼ ਦੀ ਡੁੱਬਦੀ ਅਰਥਵਿਵਸਥਾ ਨੂੰ ਕੰਢੇ 'ਤੇ ਲਿਆਉਣ 'ਚ ਮਦਦ ਮਿਲ ਸਕੇ।