ਸ਼੍ਰੀਲੰਕਾ: ਮ੍ਰਿਤਕਾਂ ਦੀ ਗਿਣਤੀ ਹੋਈ 310, ਹੁਣ ਤਕ 40 ਸ਼ੱਕੀ ਹਿਰਾਸਤ 'ਚ

04/23/2019 12:02:05 PM

ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਮੌਕੇ ਹੋਏ ਲੜੀਵਾਰ ਧਮਾਕਿਆਂ 'ਚ ਹੁਣ ਤਕ 310 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਮੰਗਲਵਾਰ ਨੂੰ ਪੁਲਸ ਨੇ ਜਾਣਕਾਰੀ ਦਿੱਤੀ ਕਿ 310 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਅਤੇ ਹੋਰ 500 ਲੋਕ ਜ਼ਖਮੀ ਹਨ। ਹੁਣ ਤਕ 40 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮੰਗਲਵਾਰ ਨੂੰ ਦੇਸ਼ ਭਰ 'ਚ 3 ਮਿੰਟ ਦਾ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ ਅਤੇ ਸਵੇਰੇ 8.30 ਵਜੇ ਲੋਕਾਂ ਨੇ ਸਿਰ ਝੁਕਾ ਕੇ 3 ਮਿੰਟ ਦਾ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ।

ਗ੍ਰਹਿ ਵਿਭਾਗ ਦੇ ਸਕੱਤਰ ਕਮਲ ਪਦਮਸ਼੍ਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਸਫੈਦ ਰੰਗ ਦਾ ਝੰਡਾ ਲਗਾਉਣ। ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚੋਂ 60 ਦਾ ਅੱਜ ਸੰਸਕਾਰ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਸੋਮਵਾਰ ਸ਼ਾਮ ਨੂੰ ਕੋਚੀਕੜੇ ਖੇਤਰ 'ਚ ਹਲਕਾ ਧਮਾਕਾ ਹੋਇਆ, ਹਾਲਾਂਕਿ ਇਸ ਧਮਾਕੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੁਖੀ ਅਤੇ ਘਬਰਾਏ ਲੋਕ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਦੀ ਪਛਾਣ ਕਰ ਰਹੇ ਹਨ। ਸ਼੍ਰੀਲੰਕਾ 'ਚ ਐਤਵਾਰ ਨੂੰ ਈਸਟਰ ਮੌਕੇ ਗਿਰਜਾਘਰਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਲੜੀਵਾਰ ਬੰਬ ਧਮਾਕੇ ਕੀਤੇ ਗਏ, ਜਿਨ੍ਹਾਂ 'ਚੋਂ 7 ਆਤਮਘਾਤੀ ਧਮਾਕੇ ਸਨ। ਇਸ ਹਮਲੇ 'ਚ 8 ਭਾਰਤੀਆਂ ਸਮੇਤ ਕਈ ਵਿਦੇਸ਼ੀ ਵੀ ਮਾਰੇ ਗਏ।


Related News