ਸ਼੍ਰੀਲੰਕਾ ਦੀ ਸੰਸਦ ਬਣੀ ਜੰਗ ਦਾ ਅਖਾੜਾ, ਸਪੀਕਰ ''ਤੇ ਸੁੱਟੀਆਂ ਗਈਆਂ ਕਿਤਾਬਾਂ
Thursday, Nov 15, 2018 - 03:32 PM (IST)

ਕੋਲੰਬੋ (ਬਿਊਰੋ)— ਸ੍ਰੀਲੰਕਾ ਵਿਚ ਚੱਲ ਰਹੇ ਸਿਆਸੀ ਝਗੜੇ ਵਿਚਕਾਰ ਸਪੀਕਰ 'ਤੇ ਡਸਟਬੀਨ ਅਤੇ ਕਿਤਾਬਾਂ ਉਛਾਲੀਆਂ ਗਈਆਂ। ਸ੍ਰੀਲੰਕਾ ਦੀ ਸੰਸਦ ਵਿਚ ਉਸ ਸਮੇਂ ਲੋਕਤੰਤਰ ਸ਼ਰਮਸਾਰ ਹੋ ਗਿਆ ਜਦੋਂ ਸਰਕਾਰ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਇਕ-ਦੂਜੇ ਨਾਲ ਭਿੜ ਗਏ। ਇਸ ਪਿੱਛੇ ਕਾਰਨ ਸੀ ਦੇਸ਼ ਦੇ ਨਵੇਂ ਨਿਯੁਕਤ ਕੀਤੇ ਗਏ ਮਹਿੰਦਰਾ ਰਾਜਪਕਸ਼ੇ ਦਾ ਉਹ ਬਿਆਨ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸੰਸਦ ਦੇ ਪ੍ਰਧਾਨ ਨੂੰ ਇਹ ਹੱਕ ਨਹੀਂ ਹੈ ਕਿ ਉਹ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਸਕੇ।
15 ਨਵੰਬਰ ਨੂੰ ਰਾਜਪਕਸ਼ੇ ਨੇ ਸੰਸਦ ਵਿਚ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨਾ ਸੀ। ਜਿਸ ਲਈ ਸੈਸ਼ਨ ਬੁਲਾਇਆ ਗਿਆ ਪਰ ਜਿਵੇਂ ਹੀ ਸੰਸਦ ਪ੍ਰਧਾਨ ਕਾਰੂ ਜੈਸੂਰੀਆ ਨੇ ਕਿਹਾ ਕਿ ਦੇਸ਼ ਵਿਚ ਕੋਈ ਸਰਕਾਰ ਨਹੀਂ ਹੈ ਅਤੇ ਨਾ ਹੀ ਕੋਈ ਪ੍ਰਧਾਨ ਮੰਤਰੀ ਤਾਂ ਰਾਜਪਕਸ਼ੇ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਬਿਆਨ ਨਾਲ ਸਹਿਮਤ ਨਹੀਂ ਹਨ ਅਤੇ ਵੋਟਿੰਗ ਦੇ ਪੱਖ ਵਿਚ ਹਨ।
ਉਨ੍ਹਾਂ ਨੇ ਕਿਹਾ ਕਿ ਦੇਸ਼ ਬਹੁਤ ਸੰਵੇਦਨਸ਼ੀਲ ਸਥਿਤੀ ਵਿਚ ਹੈ। ਅਜਿਹੇ ਵਿਚ ਬਿਨਾਂ ਵੋਟਿੰਗ ਦੇ ਬਿਆਨਬਾਜ਼ੀ ਕਰਨਾ ਦੇਸ਼ ਹਿੱਤ ਵਿਚ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੈਸੂਰੀਆ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਮੈਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਤੇ ਮੇਰੀ ਕੈਬਨਿਟ ਮੰਤਰੀਆਂ ਨੂੰ ਅਹੁਦੇ ਤੋਂ ਹਟਾ ਸਕਣ। ਮਹਿੰਦਰਾ ਨੇ ਪ੍ਰਧਾਨ 'ਤੇ ਭੇਦਭਾਵ ਕਰਨ ਅਤੇ ਪਾਰਟੀ ਲਾਭ ਲਈ ਕੰਮ ਕਰਨ ਦਾ ਦੋਸ਼ ਲਗਾਇਆ। ਗੌਰਤਲਬ ਹੈ ਕਿ ਪ੍ਰਧਾਨ ਕਾਰੂ ਜੈਸੂਰੀਆ ਯੂਨਾਈਟਿਡ ਨੈਸ਼ਨਲ ਪਾਰਟੀ ਨਾਲ ਸਬੰਧਤ ਹਨ।
ਰਾਜਪਕਸ਼ੇ ਨੇ ਦੇਸ਼ ਵਿਚ ਨਵੇਂ ਸਿਰੇ ਤੋਂ ਚੋਣ ਕਰਾਉਣ ਅਤੇ ਸਿਆਸੀ ਗਤੀਰੋਧ ਖਤਮ ਕਰਨ ਲਈ ਸਾਰੇ ਸਿਆਸੀ ਦਲਾਂ ਨੂੰ ਨਾਲ ਆਉਣ ਦੀ ਅਪੀਲ ਕੀਤੀ ਪਰ ਇਸ ਨਾਲ ਗੱਲ ਨਹੀਂ ਬਣੀ ਅਤੇ 3 ਦਰਜਨ ਤੋਂ ਜ਼ਿਆਦ ਸੰਸਦ ਮੈਂਬਰ ਸਪੀਕਰ ਨੇੜੇ ਪਹੁੰਚ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੇ ਨਾਲ ਹੀ ਸੰਸਦ ਮੈਂਬਰਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਨੇ ਪ੍ਰਧਾਨ ਦੇ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਉਸੇ ਵੇਲੇ ਪ੍ਰਧਾਨ ਨਾਲ ਸਹਿਮਤ ਸੰਸਦ ਮੈਂਬਰ ਦੀ ਸਦਨ ਦੇ ਵਿਚਕਾਰ ਆ ਗਏ ਅਤੇ ਦੋਹਾਂ ਪੱਖਾਂ ਵਿਚਕਾਰ ਕਿਤਾਬਾਂ, ਬੋਤਲਾਂ ਅਤੇ ਡਸਟਬੀਨ ਸੁੱਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ।