ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਵਿਕਰਮਸਿੰਘੇ ਲਗਾਤਾਰ 9ਵੀਂ ਵਾਰ ਬਣੇ ਸਾਂਸਦ

Wednesday, Jun 23, 2021 - 04:33 PM (IST)

ਕੋਲੰਬੋ (ਭਾਸ਼ਾ) : ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਬੁੱਧਵਾਰ ਨੂੰ ਦੇਸ਼ ਦੀ ਰਾਜਨੀਤੀ ਵਿਚ ਇਤਿਹਾਸ ਰਚਦੇ ਹੋਏ ਲਗਾਤਾਰ 9ਵੀਂ ਵਾਰ ਸਾਂਸਦ ਦੇ ਤੌਰ ’ਤੇ ਸਹੁੰ ਚੁੱਕੀ। ਉਹ ਸਾਲ 1977 ਦੇ ਬਾਅਦ ਤੋਂ ਲਗਾਤਾਰ ਸੰਸਦ ਪਹੁੰਚਣ ਵਾਲੇ ਦੇਸ਼ ਦੇ ਪਹਿਲੇ ਨੇਤਾ ਬਣ ਗਏ ਹਨ। ਵਿਕਰਮਸਿੰਘੇ ਯੂਨਾਈਟਡ ਨੈਸ਼ਨਲ ਪਾਰਟੀ (ਯੂ.ਐਨ.ਪੀ.) ਦੀ ਸਾਲ 1994 ਤੋਂ ਅਗਵਾਈ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਪਾਰਟੀ ਨੂੰ ਸਾਲ 2020 ਦੀਆਂ ਸੰਸਦੀ ਚੋਣਾਂ ਵਿਚ ਤਗੜਾ ਝਟਕਾ ਲੱਗਾ ਸੀ ਅਤੇ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਵਿਕਰਮਸਿੰਘੇ ਦੀ ਯੂ.ਐਨ.ਪੀ. ਨੂੰ ਸਿਰਫ਼ 2 ਫ਼ੀਸਦੀ ਵੋਟਾਂ ਮਿਲੀਆਂ ਸਨ, ਜਦੋਂਕਿ ਪਾਰਟੀ ਨਾਲ ਟੁੱਟ ਕੇ ਵੱਖ ਹੋਏ ਧੜੇ ਸਮਾਗੀ ਜਨ ਬਲਾਵੇਗੀਆ ਨੇ 40 ਸੀਟਾਂ ਜਿੱਤ ਕੇ ਪ੍ਰਮੁੱਖ ਵਿਰੋਧੀ ਪਾਰਟੀ ਦੇ ਤੌਰ ’ਤੇ ਜਗ੍ਹਾ ਬਣਾਈ।

ਚਾਰ ਵਾਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਹੇ ਵਿਕਰਮਸਿੰਘੇ ਅਗਸਤ 2020 ਦੀਆਂ ਸੰਸਦੀ ਚੋਣਾਂ ਵਿਚ ਹਾਰ ਗਏ ਸਨ ਅਤੇ ਰਾਸ਼ਟਰੀ ਪੱਧਰ ’ਤੇ ਪਈਆਂ ਵੋਟਾਂ ਦੇ ਆਧਾਰ ’ਤੇ ਨਿਯੁਕਤ ਹੋਣ ਵਾਲੇ ਮੈਂਬਰਾਂ ਦੀ ਸੂਚੀ ਵਿਚ ਯੂ.ਐਨ.ਪੀ. ਦੇ ਖਾਤੇ ਵਿਚ ਆਈ ਸੀਟ ਜ਼ਰੀਏ ਵਿਕਰਮਸਿੰਘੇ ਸੰਸਦ ਪਹੁੰਚੇ ਹਨ। ਸਹੁੰ ਚੁੱਕਣ ਤੋਂ ਬਾਅਦ 72 ਸਾਲਾ ਵਿਕਰਮਸਿੰਘੇ ਨੇ ਦੇਸ਼ ਦੀਆਂ ਮੌਜੂਦਾ ਆਰਥਿਕ ਸਮੱਸਿਆਵਾਂ ਲਈ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੀ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ।
 


cherry

Content Editor

Related News