ਸ਼੍ਰੀਲੰਕਾ ਨੂੰ ਚੀਨ ਨੇ ਬਣਾਇਆ ਕੰਗਾਲ, ਬੁਰੇ ਹਾਲ ਹੋਣ ਕਾਰਨ ਰੋਟੀ ਦੇ ਪਏ ਲਾਲੇ

Thursday, Sep 09, 2021 - 11:26 AM (IST)

ਇਕ ਸਮੇਂ ਭਾਰਤ ਦੇ ਗੁਆਂਢੀ ਦੇਸ਼ ਸ਼੍ਰੀਲੰਕਾ ਦੀ ਅਰਥਵਿਵਸਥਾ ਬੜੀ ਚੰਗੀ ਰਫ਼ਤਾਰ ਨਾਲ ਅੱਗੇ ਵਧ ਰਹੀ ਸੀ। ਪੂਰੇ ਦੱਖਣੀ ਏਸ਼ੀਆਈ ਦੇਸ਼ਾਂ ’ਚ ਆਰਥਿਕ ਖੇਤਰ ’ਚ ਸ਼੍ਰੀਲੰਕਾ ਬਹੁਤ ਚੰਗੀ ਕਾਰਗੁਜ਼ਾਰੀ ਕਰ ਰਿਹਾ ਸੀ। ਸ਼੍ਰੀਲੰਕਾ ਦੀ ਅਰਥਵਿਵਸਥਾ ਸਭ ਤੋਂ ਵੱਧ ਸੈਰ-ਸਪਾਟੇ ’ਤੇ ਚੱਲਦੀ ਹੈ। ਇਸ ’ਤੇ ਤਾਂ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੇ ਕਾਰਨ ਸੰਕਟ ਪੈਦਾ ਹੋ ਗਿਆ। ਹਾਲਾਂਕਿ ਇਸ ਦੇ ਇਲਾਵਾ ਸ਼੍ਰੀਲੰਕਾ ’ਚ ਵਿਸ਼ਵ ਪੱਧਰੀ ਪੈਮਾਨੇ ’ਤੇ ਵੱਡੇ ਪੱਧਰ ’ਤੇ ਠੋਸ ਅਤੇ ਉਦਯੋਗਿਕ ਵਾਹਨਾਂ ਦੇ ਟਾਇਰ ਬਣਾਉਣ ਦਾ ਕੰਮ ਵੀ ਹੁੰਦਾ ਹੈ। ਇਸ ਦੇ ਇਲਾਵਾ ਕੱਪੜਾ ਉਦਯੋਗ ਦੇ ਖੇਤਰ ’ਚ ਸ਼੍ਰੀਲੰਕਾ ਉੱਭਰਦੀ ਹੋਈ ਸ਼ਕਤੀ ਹੈ। ਇਸ ਦੇ ਨਾਲ ਹੀ ਸਾਫਟਵੇਅਰ ਸੈਕਟਰ, ਬੰਦਰਗਾਹ ਅਤੇ ਹਵਾਬਾਜ਼ੀ ਖੇਤਰ ’ਚ ਵੀ ਸ਼੍ਰੀਲੰਕਾ ਬਹੁਤ ਚੰਗੀ ਕਾਰਗੁਜ਼ਾਰੀ ਕਰ ਰਿਹਾ ਹੈ

ਪਰ ਅੱਜ ਸ਼੍ਰੀਲੰਕਾ ’ਚ ਰੋਟੀ ਦਾ ਕਾਲ ਪੈ ਗਿਆ ਹੈ। ਸ਼੍ਰੀਲੰਕਾ ਨੇ ਦੇਸ਼ ’ਚ ਖੁਰਾਕ ਸਮੱਗਰੀਆਂ ’ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ, ਨਿੱਜੀ ਬੈਂਕਾਂ ਕੋਲ ਇੰਨੀ ਵਿਦੇਸ਼ੀ ਮੁਦਰਾ ਨਹੀਂ ਹੈ ਕਿ ਉਹ ਖਾਣ ਵਾਲੀਆਂ ਚੀਜ਼ਾਂ ਵਿਦੇਸ਼ਾਂ ਤੋਂ ਖਰੀਦ ਸਕਣ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਸ਼੍ਰੀਲੰਕਾ ਦੀ ਇਹ ਹਾਲਤ ਹੋਈ ਕਿਵੇਂ?

ਦਰਅਸਲ ਚੀਨ ਨੇ ਜਦ ਤੋਂ ਸ਼੍ਰੀਲੰਕਾ ’ਚ ਐਂਟਰੀ ਮਾਰੀ ਹੈ, ਉਦੋਂ ਤੋਂ ਇਸ ਦੇ ਹਾਲ ਬੁਰੇ ਹੋ ਚੁੱਕੇ ਹਨ। ਪਹਿਲਾਂ ਹੰਬਨਟੋਟਾ ਬੰਦਰਗਾਹ ਦਾ ਕਬਜ਼ਾ, ਬਾਅਦ ’ਚ ਕੋਲੰਬੋ ਬੰਦਰਗਾਹ ’ਚ ਇਕ ਨਵਾਂ ਸ਼ਹਿਰ ਵਸਾਉਣਾ ਜਿੱਥੇ ਸ਼੍ਰੀਲੰਕਾ ਸਰਕਾਰ ਦੀ ਨਹੀਂ ਪਰ ਚੀਨ ਸਰਕਾਰ ਦੀ ਮਰਜ਼ੀ ਚੱਲੇਗੀ, ਇੱਥੇ ਮਲਟੀ ਕਰੰਸੀ ਦੇ ਨਾਂ ’ਤੇ ਚੀਨੀ ਯੁਆਨ ’ਚ ਖਰੀਦੋ-ਫਰੋਖਤ ਨੂੰ ਮਨਜ਼ੂਰੀ ਮਿਲਣੀ, ਇਸ ਦੇ ਇਲਾਵਾ ਸ਼੍ਰੀਲੰਕਾ ਦੇ ਵਪਾਰ ਅਤੇ ਉਦਯੋਗਾਂ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ’ਚ ਲੈ ਕੇ ਚੀਨ ਤੋਂ ਸਸਤਾ ਸਾਮਾਨ ਲਿਆ ਕੇ ਸ਼੍ਰੀਲੰਕਾ ਦੇ ਬਾਜ਼ਾਰਾਂ ਨੂੰ ਬਲ ਦੇਣਾ ਵੀ ਇਕ ਕਾਰਨ ਹੈ ਜੋ ਇਕ ਚੰਗੀ ਵੱਡੀ ਅਰਥਵਿਵਸਥਾ ਕੰਗਾਲ ਹੋ ਗਈ।

ਇਸ ਸਮੇਂ, ਜੁਲਾਈ 2021 ’ਚ ਸ਼੍ਰੀਲੰਕਾ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਸਿਰਫ਼ 2.8 ਅਰਬ ਅਮਰੀਕੀ ਡਾਲਰ ਹਨ ਪਰ ਨਵੰਬਰ 2019 ’ਚ ਇਹ ਭੰਡਾਰ 7.5 ਅਰਬ ਅਮਰੀਕੀ ਡਾਲਰ ਸੀ। ਜਦੋਂ ਤੋਂ ਮੌਜੂਦਾ ਸਰਕਾਰ ਭਾਵ ਗੋਟਾਭਾਯਾ ਰਾਜਪਕਸ਼ੇ ਨੇ ਸੱਤਾ ਸੰਭਾਲੀ ਹੈ, ਸ਼੍ਰੀਲੰਕਾ ਦਾ ਸਰਕਾਰੀ ਖਜ਼ਾਨਾ ਖਾਲੀ ਹੋ ਗਿਆ ਹੈ, ਕਿਉਂਕਿ ਸ਼੍ਰੀਲੰਕਾ ਨੂੰ ਵਪਾਰ ’ਚ ਲਗਾਤਾਰ ਘਾਟਾ ਹੁੰਦਾ ਰਿਹਾ, ਵਰਤਮਾਨ ਸਮੇਂ ’ਚ ਸਰਕਾਰ ਨੇ ਖੁਰਾਕ ਸਮੱਗਰੀ ਦੀ ਜਮ੍ਹਾਖੋਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਤੈਅ ਕਰ ਦਿੱਤੇ ਹਨ, ਜਿਸ ਨਾਲ ਕੋਈ ਵੀ ਲੋੜ ਤੋਂ ਵੱਧ ਮੁਨਾਫਾ ਨਾ ਕਮਾ ਸਕੇ। ਗੋਟਾਭਾਯਾ ਨੇ ਆਪਣੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਇਸ ਗੱਲ ਦੀ ਜਾਂਚ ਕਰਨ ਕਿ ਕਿਤੇ ਵੀ ਕੋਈ ਚੌਲ, ਝੋਨਾ, ਖੰਡ, ਖਾਣ ਵਾਲੇ ਤੇਲ ਦੀ ਜਮ੍ਹਾਖੋਰੀ ਅਤੇ ਸਰਕਾਰੀ ਕੀਮਤਾਂ ਤੋਂ ਵੱਧ ਭਾਅ ’ਤੇ ਇਨ੍ਹਾਂ ਦੀ ਵਿਕਰੀ ਨਾ ਕਰੇ। ਇਸ ਕੰਮ ਦੇ ਲਈ ਫੌਜ ਦੇ ਮੇਜਰ ਜਨਰਲ ਨੂੰ ਹੁਕਮ ਦਿੱਤੇ ਗਏ।

ਓਧਰ ਸ਼੍ਰੀਲੰਕਾ ਦੇ ਊਰਜਾ ਮੰਤਰੀ ਉਦੈ ਗਮੰਨਪਿਲਾ ਨੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਡੀਜ਼ਲ, ਪੈਟਰੋਲ ਦੀ ਸੋਚ-ਸਮਝ ਕੇ ਵਰਤੋਂ ਕਰਨ ਜਿਸ ਨਾਲ ਤੇਲ ਖਰੀਦਣ ’ਚ ਸ਼੍ਰੀਲੰਕਾ ਦੀ ਵਿਦੇਸ਼ੀ ਮੁਦਰਾ ਖਰਚ ਨਾ ਹੋਵੇ ਅਤੇ ਇਹ ਵਿਦੇਸ਼ੀ ਮੁਦਰਾ ਦਵਾਈਆਂ ਅਤੇ ਵੈਕਸੀਨ ਖਰੀਦਣ ਦੇ ਕੰਮ ਆ ਸਕੇ।

ਚੀਨ ਨੇ ਸ਼੍ਰੀਲੰਕਾ ’ਚ ਜਦੋਂ ਐਂਟਰੀ ਮਾਰੀ ਤਾਂ ਸ਼੍ਰੀਲੰਕਾ ਨੂੰ ਨਿਵੇਸ਼ ਦਾ ਲਾਲਚ ਦਿੱਤਾ ਸੀ। ਚੀਨ ਜਿਵੇਂ ਕਿ ਪੂਰੀ ਧੋਖੇਬਾਜ਼ੀ ਨਾਲ ਆਪਣੇ ਪੈਸਿਆਂ ਨਾਲ ਗਰੀਬ ਦੇਸ਼ਾਂ ਨੂੰ ਆਪਣੇ ਜਾਲ ’ਚ ਫਸਾਉਂਦਾ ਹੈ ਉਵੇਂ ਹੀ ਉਸ ਨੇ ਸ਼੍ਰੀਲੰਕਾ ਨੂੰ ਵੀ ਫਸਾਇਆ, ਕਿਉਂਕਿ ਸ਼੍ਰੀਲੰਕਾ ਦੀ ਆਰਥਿਕ ਹਾਲਤ ਚੰਗੀ ਨਹੀਂ ਰਹੀ ਸੀ। ਸਾਲ 2018 ਤੋਂ ਚੀਨ ਨੇ ਸ਼੍ਰੀਲੰਕਾ ’ਚ ਭਾਰੀ ਪੱਧਰ ’ਤੇ ਆਰਥਿਕ ਨਿਵੇਸ਼ ਕੀਤਾ ਹੈ, ਹਾਲਾਂਕਿ ਚੀਨ ਨੇ ਹਮੇਸ਼ਾ ਇਸ ਨੂੰ ਵਪਾਰ ਆਧਾਰਿਤ ਨਿਵੇਸ਼ ਦੱਸਿਆ ਹੈ ਪਰ ਚੀਨ ਦੀ ਚਾਲ ਜਿਬੂਤੀ ਦੀ ਤਰਜ਼ ’ਤੇ ਇੱਥੇ ਇਕ ਸਮੁੰਦਰੀ ਅੱਡਾ ਬਣਾਉਣ ਦੀ ਸੀ।

ਚੀਨ ਆਮ ਤੌਰ ’ਤੇ ਤਿੰਨ ਤਰੀਕਿਆਂ ਨਾਲ ਵਿਦੇਸ਼ਾਂ ’ਚ ਨਿਵੇਸ਼ ਕਰਦਾ ਹੈ। ਉਧਾਰ, ਨਿਵੇਸ਼ ਅਤੇ ਵਪਾਰ, ਪਹਿਲਾਂ ਚੀਨ ਕਿਸੇ ਵੀ ਦੇਸ਼ ਨੂੰ ਉਸ ਦੀ ਲੋੜ ਤੋਂ ਕਿਤੇ ਵੱਧ ਪੈਸੇ ਬਹੁਤ ਘੱਟ ਵਿਆਜ ’ਤੇ ਉਧਾਰ ਦਿੰਦਾ ਹੈ। ਫਿਰ ਉਸ ਦੇਸ਼ ਦੇ ਮੂਲਢਾਂਚੇ ’ਚ ਭਾਰੀ ਧਨ ਨਿਵੇਸ਼ ਕਰਦਾ ਹੈ, ਫਿਰ ਚੀਨ ਇੰਨਾ ਪੈਸਾ ਉਧਾਰ ਅਤੇ ਨਿਵੇਸ਼ ਦੇ ਤੌਰ ’ਤੇ ਉਸ ਦੇਸ਼ ਨੂੰ ਦਿੰਦਾ ਹੈ ਜਿਸ ਨੂੰ ਵਾਪਸ ਮੋੜਨਾ ਦੇਸ਼ ਲਈ ਸੰਭਵ ਨਹੀਂ ਹੈ, ਫਿਰ ਵਪਾਰ ਦੇ ਨਾਂ ’ਤੇ ਉਸ ਦੇਸ਼ ਦਾ ਸ਼ੋਸ਼ਣ ਸ਼ੁਰੂ ਕਰਦਾ ਹੈ। ਪਿਛਲੇ 15 ਸਾਲਾਂ ’ਚ ਚੀਨ ਸ਼੍ਰੀਲੰਕਾ ’ਚ ਦੂਸਰਾ ਸਭ ਤੋਂ ਵੱਡ ਕਰਜ਼ਦਾਤਾ ਰਿਹਾ ਹੈ। ਇਨ੍ਹਾਂ ਪੰਦਰਾਂ ਸਾਲਾਂ ’ਚ ਚੀਨ ਨੇ ਸ਼੍ਰੀਲੰਕਾ ਦੇ ਕਈ ਵੱਡੇ ਪ੍ਰਾਜੈਕਟਾਂ ’ਚ ਨਿਵੇਸ਼ ਕੀਤਾ ਹੈ ਜਿਨ੍ਹਾਂ ’ਚ ਹੰਬਨਟੋਟਾ ਬੰਦਰਗਾਹ, ਮਟਾਲਾ ਹਵਾਈ ਅੱਡਾ, ਕੋਲੰਬੋ ਪੋਰਟ ਸਿਟੀ, ਕੋਲੰਬੋ-ਕਟੁਨਾਯਕੇ ਐਕਸਪ੍ਰੈੱਸਵੇ, ਇਸ ਦੇ ਇਲਾਵਾ ਪਾਕਿ ਜਲਡਮਰੂ ਖੇਤਰ ’ਚ ਅਨਾਲਾਈਤਿਵੂ ਅਤੇ ਨੈਨਾਤਿਵੂ ਹਾਈਬ੍ਰੀਡ ਬਿਜਲੀ ਘਰ ਬਣਾਉਣਾ ਸ਼ਾਮਲ ਹੈ।

ਓਧਰ ਸਾਲ 2010 ਤੋਂ 2020 ’ਚ ਚੀਨ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਨਿਵੇਸ਼ਕ ਬਣ ਗਿਆ। ਇਸ ਦੇ ਨਾਲ ਹੀ ਕੋਲੰਬੋ ਪੋਰਟ ਸਿਟੀ ਬਣਾਉਣ ਲਈ 116 ਹੈਕਟੇਅਰ ਰੀਕਲੇਮਡ ਲੈਂਡ ਸੀ. ਐੱਚ. ਈ. ਸੀ. ਪੋਰਟ ਸਿਟੀ ਪ੍ਰਾਈਵੇਟ ਲਿਮਟਿਡ ਨੂੰ 99 ਸਾਲਾਂ ਲਈ ਪੱਟੇ ’ਤੇ ਦੇ ਦਿੱਤੀ ਗਈ, ਕਿਉਂਕਿ ਸ਼੍ਰੀਲੰਕਾ ਚੀਨ ਦਾ ਕਰਜ਼ਾ ਮੋੜਨ ’ਚ ਅਸਮਰੱਥ ਸੀ। ਸ਼੍ਰੀਲੰਕਾ ਦੇ ਲੋਕਾਂ ਅਤੇ ਵਿਰੋਧੀ ਪਾਰਟੀਆਂ ਦਾ ਇਹ ਮੰਨਣਾ ਹੈ ਕਿ ਕੋਲੰਬੋ ਪੋਰਟ ਸਿਟੀ ਬਿੱਲ ਜੋ ਸੰਸਦ ’ਚ ਪਾਸ ਕੀਤਾ ਗਿਆ ਹੈ, ਉਹ ਸ਼੍ਰੀਲੰਕਾ ਨੂੰ ਚੀਨ ਦੀ ਬਸਤੀ ਬਣਾ ਦੇਵੇਗਾ। ਵਪਾਰ ਦੇ ਖੇਤਰ ਵਿਚ ਵੀ ਚੀਨ ਭਾਰਤ ਨੂੰ ਪਿੱਛੇ ਛੱਡਦੇ ਹੋਏ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਭਾਈਵਾਲ ਬਣ ਗਿਆ ਹੈ। ਇਨ੍ਹਾਂ ਸਾਰੇ ਕਦਮਾਂ ਨੇ ਸ਼੍ਰੀਲੰਕਾ ਨੂੰ ਅੱਜ ਉੱਥੇ ਲਿਆ ਖੜ੍ਹਾ ਕੀਤਾ ਹੈ ਜਿੱਥੋਂ ਸ਼੍ਰੀਲੰਕਾ ਕਿਸੇ ਵੀ ਹਾਲ ’ਚ ਹੋਣਾ ਨਹੀਂ ਚਾਹੁੰਦਾ ਸੀ।

ਚੀਨ ਪਹਿਲਾਂ ਸ਼੍ਰੀਲੰਕਾ ਦਾ ਹਿਤੈਸ਼ੀ ਬਣਿਆ, ਫਿਰ ਉਸ ਨੇ ਉੱਥੇ ਨਿਵੇਸ਼ ਕੀਤਾ, ਕਰਜ਼ਾ ਦਿੱਤਾ ਅਤੇ ਫਿਰ ਵਪਾਰ ਕੀਤਾ ਪਰ ਹਰ ਕਦਮ ’ਤੇ ਚੀਨ ਨੇ ਆਪਣਾ ਫਾਇਦਾ ਦੇਖਿਆ ਅਤੇ ਸ਼੍ਰੀਲੰਕਾ ਨੂੰ ਕੰਗਾਲ ਬਣਾ ਦਿੱਤਾ। ਆਉਣ ਵਾਲੇ ਦਿਨ ਸ਼੍ਰੀਲੰਕਾ ਲਈ ਚੰਗੇ ਤਾਂ ਨਹੀਂ ਦਿਸਦੇ, ਕਿਉਂਕਿ ਆਪਣੀ ਕੰਗਾਲੀ ਤੋਂ ਬਾਹਰ ਨਿਕਲਣ ਲਈ ਸ਼੍ਰੀਲੰਕਾ ਨੂੰ ਹੋਰ ਕਰਜ਼ਾ ਚਾਹੀਦਾ ਹੈ, ਜਿਸ ਲਈ ਉਹ ਚੀਨ, ਆਈ. ਐੱਮ. ਐੱਫ., ਵਿਸ਼ਵ ਬੈਂਕ ਅਤੇ ਵੱਡੇ ਦੇਸ਼ਾਂ ਦਾ ਮੂੰਹ ਦੇਖੇਗਾ ਪਰ ਹਰ ਹਾਲ ’ਚ ਉਸ ਨੂੰ ਉਹ ਕਰਜ਼ਾ ਵੀ ਚੁਕਾਉਣਾ ਹੋਵੇਗਾ ਪਰ ਜੋ ਹਾਲਤ ਇਸ ਸਮੇਂ ਸ਼੍ਰੀਲੰਕਾ ਦੀ ਹੈ ਉਸ ਨੂੰ ਦੇਖ ਕੇ ਜਾਪਦਾ ਨਹੀਂ ਕਿ ਉਹ ਇਹ ਕਰਜ਼ਾ ਮੋੜ ਸਕੇਗਾ।


rajwinder kaur

Content Editor

Related News