ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹੋਏ ਤਿੰਨ ਦਿਨਾ ਸਮਾਗਮ
Sunday, Aug 11, 2024 - 11:02 PM (IST)
ਜੈਤੋ, ( ਰਘੂਨੰਦਨ ਪਰਾਸ਼ਰ )- ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਅਤੇ ਬਾਬਾ ਈਸ਼ਰ ਸਿੰਘ ਦੇ ਜਨਮ ਦਿਨ ਸਬੰਧੀ ਟੋਰਾਂਟੋ ਕੈਨੇਡਾ ਵਿਖੇ ਤਿਨ ਦਿਨਾ ਗੁਰਮਤਿ ਸਮਾਗਮ ਕਰਵਾਏ ਗਏ।
ਇਸ ਮੌਕੇ ਜਿਥੇ ਵੱਖ-ਵੱਖ ਜਥਿਆਂ ਨੇ ਹਾਜਰੀ ਭਰੀ ਉਥੇ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਬਾਬਾ ਬਲਕਾਰ ਸਿੰਘ ਫ਼ਤਹਿਗੜ੍ਹ ਪੰਜਗਰਾਈਆਂ (ਮਾਲੇਰਕੋਟਲਾ) ਵੱਲੋਂ ਸ਼੍ਰੋਮਣੀ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਇਨ੍ਹਾ ਤਿੰਨ ਦਿਨਾ ਗੁਰਮਤਿ ਸਮਾਗਮਾਂ ਸਮੇਂ ਪੰਥ ਦੇ ਪ੍ਰਸਿੱਧ ਰਾਗੀ ਭਾਈ ਗੁਰਜੀਤ ਸਿੰਘ ਬੈਂਕਾ, ਭਾਈ ਨਿਰਭੈ ਸਿੰਘ ਸ੍ਰੀ ਦਮਦਮਾ ਸਾਹਿਬ, ਭਾਈ ਹਰਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਕਥਾਵਾਚਕ ਗਿਆਨੀ ਰਵਿੰਦਰਪਾਲ ਸਿੰਘ ਗੁਰੂਸਰ ਸੁਧਾਰ, ਕਵੀਸ਼ਰ ਗਿਆਨੀ ਗੁਰਿੰਦਰਪਾਲ ਸਿੰਘ ਬੈਂਕਾ, ਗਿਆਨੀ ਭਗਵੰਤ ਸਿੰਘ ਸੂਰਵਿੰਡ, ਢਾਡੀ ਗਿਆਨੀ ਜਗਦੀਸ਼ ਸਿੰਘ ਬੰਡਾਲਾ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ-ਇਤਿਹਾਸ ਨਾਲ ਜੋੜਿਆ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਅਤੇ ਬਾਬਾ ਬਲਕਾਰ ਸਿੰਘ ਸੰਪ੍ਰਦਾਇ ਰਾੜਾ ਸਾਹਿਬ ਨੇ ਸੰਬੋਧਨ ਕਰਦਿਆਂ ਸੰਗਤਾਂ ਨਾਲ ਗੁਰ-ਇਤਿਹਾਸ ਦੀ ਸਾਂਝ ਪਾਈ। ਸਮਾਗਮਾਂ ਦੌਰਾਨ ਜਿੱਥੇ ਗੁਰੂ ਕੇ ਲੰਗਰ ਅਤੁੱਟ ਵਰਤੇ ਉੱਥੇ ਨਾਲ ਹੀ ਗੁਰਮੁਖੀ ਦੇ ਲਿਟਰੇਚਰ ਅਤੇ ਦਸਤਾਰਾਂ ਦੇ ਫ੍ਰੀ ਲੰਗਰ ਵੀ ਲਗਾਏ ਗਏ।