ਅਮਰੀਕਾ ਤੋਂ ਬਾਅਦ ਕੈਨੇਡਾ 'ਚ ਦਿਸਿਆ Spy Balloon, ਜਾਸੂਸੀ ਦੇ ਦੋਸ਼ 'ਤੇ ਚੀਨ ਨੇ ਦਿੱਤਾ ਇਹ ਜਵਾਬ
Friday, Feb 03, 2023 - 04:08 PM (IST)
ਓਟਾਵਾ (ਏਜੰਸੀ) ਅਮਰੀਕਾ ਦੀ ਜਾਸੂਸੀ ਕਰਨ ਲਈ ਚੀਨ ਦੁਆਰਾ ਜਾਸੂਸੀ ਗੁਬਾਰਾ ਭੇਜੇ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਕੈਨੇਡਾ ਵਿੱਚ ਵੀ ਜਾਸੂਸੀ ਗੁਬਾਰਾ ਦੇਖਿਆ ਗਿਆ ਹੈ। ਕੈਨੇਡਾ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਆਪਣੇ ਖੇਤਰ 'ਤੇ ਆਸਮਾਨ ਵਿੱਚ ਇੱਕ ਜਾਸੂਸੀ ਗੁਬਾਰਾ ਦੇਖਿਆ। ਕੈਨੇਡਾ ਨੇ ਇਹ ਵੀ ਕਿਹਾ ਕਿ ਅਮਰੀਕੀ ਅਧਿਕਾਰੀਆਂ ਤੋਂ ਬਾਅਦ ਇਹ ਜਾਸੂਸੀ ਗੁਬਾਰੇ ਦੀ ਦੂਜੀ ਘਟਨਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਨੇ ਦੋਸ਼ ਲਗਾਇਆ ਹੈ ਕਿ ਚੀਨ ਇਸ ਜਾਸੂਸੀ ਗੁਬਾਰੇ ਜ਼ਰੀਏ ਜਾਸੂਸੀ ਕਰਨ ਲਈ ਉਪਕਰਣ ਭੇਜ ਰਿਹਾ ਹੈ।
ਅਮਰੀਕਾ ਨੇ ਜਾਸੂਸੀ ਬੈਲੂਨ ਨੂੰ ਨਹੀਂ ਬਣਾਇਆ ਨਿਸ਼ਾਨਾ
ਅਮਰੀਕਾ ਦੇ ਹਵਾਈ ਖੇਤਰ 'ਚ ਜਾਸੂਸੀ ਗੁਬਾਰੇ ਦੇ ਉੱਡਣ ਬਾਰੇ ਜਿਵੇਂ ਹੀ ਅਮਰੀਕੀ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਹਲਚਲ ਮਚ ਗਈ। ਨੋਰਾਡ (ਉੱਤਰੀ ਅਮੈਰੀਕਨ ਏਰੋਸਪੇਸ ਡਿਫੈਂਸ ਕਮਾਂਡ) ਵੱਲੋਂ ਇਸ ਨੂੰ ਟਰੈਕ ਕਰਨ ਤੋਂ ਬਾਅਦ ਇਸ ਨੂੰ ਨਿਸ਼ਾਨਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਇਸ ਦੇ ਮਲਬੇ ਹੇਠ ਆਉਣ ਕਾਰਨ ਆਮ ਲੋਕਾਂ ਲਈ ਖਤਰਾ ਪੈਦਾ ਹੋਣ ਦਾ ਖਦਸ਼ਾ ਬਣਿਆ ਹੋਇਆ ਸੀ।ਇਸ ਲਈ ਅਜਿਹਾ ਕੁਝ ਨਹੀਂ ਕੀਤਾ ਗਿਆ।
ਪਰਮਾਣੂ ਲਾਂਚ ਸਾਈਟ ਦੇ ਉੱਪਰ ਦੇਖਿਆ ਗਿਆ ਸੀ ਗੁਬਾਰਾ
ਪੈਂਟਾਗਨ ਦਾ ਮੰਨਣਾ ਹੈ ਕਿ ਗੁਬਾਰੇ ਵਿਚ ਜਾਸੂਸੀ ਉਪਕਰਣ ਸਨ ਅਤੇ ਅਮਰੀਕੀ ਅਧਿਕਾਰੀ ਭਰੋਸੇ ਨਾਲ ਦਾਅਵਾ ਕਰ ਰਹੇ ਹਨ ਕਿ ਚੀਨ ਇਸ ਦੀ ਵਰਤੋਂ ਆਪਣੇ ਸੰਵੇਦਨਸ਼ੀਲ ਟੀਚਿਆਂ 'ਤੇ ਜਾਣਕਾਰੀ ਇਕੱਠੀ ਕਰਨ ਲਈ ਕਰ ਰਿਹਾ ਹੈ। ਦਰਅਸਲ ਬੀਤੇ ਦਿਨ ਜਾਸੂਸੀ ਗੁਬਾਰੇ ਨੂੰ ਅਮਰੀਕਾ ਦੇ ਮੋਂਟਾਨਾ ਏਅਰ ਫੋਰਸ ਬੇਸ 'ਤੇ ਉੱਡਦਾ ਦੇਖਿਆ ਗਿਆ ਸੀ। ਅਮਰੀਕੀ ਹਵਾਈ ਸੈਨਾ ਦਾ ਇਹ ਬੇਸ ਪ੍ਰਮਾਣੂ ਲਾਂਚ ਕੇਂਦਰ ਵੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਖੁਫੀਆ ਮੁਖੀ ਦਾ ਦਾਅਵਾ, ਚੀਨ 2027 ਤੱਕ ਤਾਇਵਾਨ 'ਤੇ ਕਰ ਸਕਦਾ ਹੈ ਹਮਲਾ!
ਕੈਨੇਡਾ ਅਤੇ ਅਮਰੀਕਾ ਦੋਵੇਂ ਕਰ ਰਹੇ ਜਾਂਚ
ਕੈਨੇਡੀਅਨ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਕੋਈ ਜਾਸੂਸੀ ਗੁਬਾਰਾ ਉਨ੍ਹਾਂ ਦੇ ਏਰੋਸਪੇਸ ਵਿੱਚ ਦੇਖਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਕੈਨੇਡੀਅਨ ਸੁਰੱਖਿਅਤ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਉਹ ਅਮਰੀਕਾ ਨਾਲ ਮਿਲ ਕੇ ਇਸ ਘਟਨਾ ਦੀ ਜਾਂਚ ਕਰ ਰਹੇ ਹਨ।
ਚੀਨ ਨੇ ਇਨ੍ਹਾਂ ਦੋਸ਼ਾਂ ਦਾ ਦਿੱਤਾ ਜਵਾਬ
ਹੁਣ ਚੀਨ ਨੇ ਵੀ ਅਮਰੀਕਾ ਦੇ ਜਾਸੂਸੀ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਚੀਨ ਨੇ ਕਿਹਾ ਕਿ ਉਹ ਅਮਰੀਕਾ ਦੇ ਜਾਸੂਸੀ ਗੁਬਾਰੇ ਦੀ ਰਿਪੋਰਟ ਨੂੰ ਦੇਖ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਗ਼ਲਤ ਹੈ। ਡਰੈਗਨ ਨੇ ਕਿਹਾ ਕਿ ਉਸ ਨੇ ਹਮੇਸ਼ਾ ਕਾਨੂੰਨਾਂ ਦੀ ਪਾਲਣਾ ਕੀਤੀ ਹੈ ਅਤੇ ਹਵਾਈ ਖੇਤਰ ਦੀ ਉਲੰਘਣਾ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।