ਫਰਿਜ਼ਨੋ ਵਿਖੇ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ 78ਵੀਂ ਬਰਸੀ ‘ਤੇ ਵਿਸ਼ੇਸ਼ ਸਮਾਗਮ
Monday, Aug 30, 2021 - 11:37 PM (IST)
ਫਰਿਜ਼ਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ) - ਕੈਲੀਫੋਰਨੀਆ ਦੀ ਸੈਂਟਰਲ ਵੈਲੀ ਫਰਿਜ਼ਨੋ ਵਿਖੇ ਸਥਿਤ ਗੁਰਦੁਆਰਾ ਨਾਨਕਸਰ ਚੈਰੀ ਐਵਨਿਉ ਵਿਖੇ ਨਾਨਕਸਰ ਮਰਿਯਾਦਾ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ 78ਵੀਂ ਬਰਸੀ ਇਲਾਕਾ ਭਰ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਜੋਸ਼ ਨਾਲ ਮਨਾਈ ਗਈ। ਜਿਸ ਵਿੱਚ ਸੰਗਤਾਂ ਭਾਰੀ ਗਿਣਤੀ ਵਿੱਚ ਸਰਕਾਰ ਦੁਆਰਾ ਕੋਵਿਡ-19 ਦੀਆਂ ਹਦਾਇਤਾਂ ਪਾਲਣਾ ਕਰਦੇ ਹੋਏ ਹਾਜ਼ਰ ਹੋਈਆਂ। ਇਸ ਸਮੇਂ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਵਿੱਚ ਹਾਜ਼ਰੀ ਭਰਨ ਵਾਲਿਆਂ ਵਿੱਚ ਗੁਰੂਘਰ ਦਾ ਹਜ਼ੂਰੀ ਜੱਥਾ, ਭਾਈ ਹਰਭਜਨ ਸਿੰਘ ਅਤੇ ਸਾਥੀਆਂ ਦਾ ਜੱਥਾ ਅਤੇ ਵਿਸ਼ੇਸ਼ ਤੋਰ ‘ਤੇ ਪਹੁੰਚੇ ਗੁਰਬਾਣੀ ਕੀਰਤਨ ਦੇ ਰਸੀਏ ਭਾਈ ਅਮਰਜੀਤ ਸਿੰਘ ਤਾਨ ਦੇ ਕੀਰਤਨੀ ਜੱਥੇ ਨੇ ਹਾਜ਼ਰੀ ਭਰੀ। ਉਨ੍ਹਾਂ ਕੀਰਤਨ ਕਰਦਿਆਂ ਬਾਬਾ ਨੰਦ ਸਿੰਘ ਦਾ ਗੁਰੂ ਅਤੇ ਗੁਰਬਾਣੀ ਪ੍ਰਤੀ ਸ਼ਰਧਾ-ਸਮਰਪਣ ਦਾ ਜ਼ਿਕਰ ਕਰਦੇ ਹੋਏ ਸੰਖੇਪ ਵਿੱਚ ਜੀਵਨ ਸਾਂਝਾ ਕੀਤਾ। ਇਸ ਤੋਂ ਇਲਾਵਾ ਕਈ ਹੋਰ ਬੁਲਾਰਿਆਂ ਦੁਆਰਾਂ ਗੁਰਮਤਿ ਵਿਚਾਰਾ ਦੀ ਸਾਂਝ ਪਾਈ ਗਈ।
ਇਹ ਵੀ ਪੜ੍ਹੋ - ਲੂਈਸਿਆਨਾ 'ਚ ਤੂਫਾਨ ਇਡਾ ਕਾਰਨ ਹੋਈ ਮੌਤ ਤੇ ਸੈਂਕੜੇ ਘਰਾਂ ਦੀ ਬਿਜਲੀ ਬੰਦ
ਇਸ ਸਮੇਂ ਹਾਜ਼ਰ ਬੁਲਾਰਿਆਂ ਅਤੇ ਸੰਗਤਾਂ ਦੁਆਰਾ ਇਸ ਗੁਰੂਘਰ ਵਿੱਚ ਲੰਮਾ ਅਰਸਾ ਸੇਵਾ ਕਰਵਾਉਣ ਵਾਲੇ ਸਵਰਗੀ ਬਾਬਾ ਕਰਤਾਰ ਸਿੰਘ ਜੀ ਨਾਨਕਸਰ ਫਰਿਜ਼ਨੋ ਵਾਲਿਆਂ ਨੂੰ ਵੀ ਯਾਦ ਕੀਤਾ ਗਿਆ। ਜੋ ਇਸੇ ਸਾਲ, ਕੁਝ ਮਹੀਨੇ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਜਿੰਨ੍ਹਾਂ ਦਾ ਸੰਗਤਾਂ ਨੂੰ ਇਸ ਗੁਰੂਘਰ ਅਤੇ ਗੁਰਬਾਣੀ ਨਾਲ ਜੋੜਨ ਲਈ ਵੱਡਮੁੱਲਾ ਯੋਗਦਾਨ ਰਿਹਾ ਹੈ। ਸਮੁੱਚੇ ਪ੍ਰੋਗਰਾਮ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤੇ ਅਤੇ ਬਹੁ-ਗਿਣਤੀ ਵਿੱਚ ਸੰਗਤਾਂ ਗੁਰੂ ਦੇ ਨਤਮਸਤਕ ਹੋਈਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।