9/11 ਬਰਸੀ ’ਤੇ ਬੋਲੇ ਬਾਈਡੇਨ, ਕਿਹਾ-ਏਕਤਾ ਸਾਡੀ ਸਭ ਤੋਂ ਵੱਡੀ ਤਾਕਤ

Saturday, Sep 11, 2021 - 04:41 PM (IST)

9/11 ਬਰਸੀ ’ਤੇ ਬੋਲੇ ਬਾਈਡੇਨ, ਕਿਹਾ-ਏਕਤਾ ਸਾਡੀ ਸਭ ਤੋਂ ਵੱਡੀ ਤਾਕਤ

ਨਿਊਯਾਰਕ (ਏ. ਪੀ.)-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ 20 ਸਾਲ ਪਹਿਲਾਂ 11 ਸਤੰਬਰ 2001 ਨੂੰ ਅਮਰੀਕਾ ਦੇ ਇਤਿਹਾਸ ’ਚ ਹੋਏ ਹੁਣ ਤਕ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਰਾਸ਼ਟਰ ਤੋਂ ਇਕਜੁੱਟਤਾ ਤੇ ਸਹਿਯੋਗ ਦੀ ਉਸ ਭਾਵਨਾ ਨੂੰ ਮੁੜ ਹਾਸਲ ਕਰਨ ਦੀ ਅਪੀਲ ਕੀਤੀ, ਜੋ ਅੱਤਵਾਦੀ ਹਮਲਿਆਂ ਤੋਂ ਬਾਅਦ ਦੇ ਦਿਨਾਂ ’ਚ ਉੱਭਰੀ ਸੀ, ਜਦੋਂ ਅਗਵਾਕਾਰਾਂ ਨੇ ਚਾਰ ਜਹਾਜ਼ਾਂ ਨੂੰ ਹਾਈਜੈਕ ਕਰ ਕੇ ਦੇਸ਼ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ। ਉਸ ਸਮੇਂ ਬਾਈਡੇਨ ਸੀਨੇਟਰ ਸਨ ਤੇ ਹੁਣ ਉਹ ਕਮਾਂਡਰ ਇਕ ਚੀਫ ਦੇ ਤੌਰ ’ਤੇ ਪਹਿਲੀ ਵਾਰ 9/11 ਦੀ ਬਰਸੀ ਮਨਾ ਰਹੇ ਹਨ। ਰਾਸ਼ਟਰਪਤੀ ਦਾ ਉਨ੍ਹਾਂ ਤਿੰਨਾਂ ਘਟਨਾ ਸਥਾਨਾਂ ’ਤੇ ਸ਼ਰਧਾਂਜਲੀ ਭੇਟ ਕਰਨ ਦਾ ਪ੍ਰੋਗਰਾਮ ਹੈ, ਜਿਥੇ ਜਹਾਜ਼ ਹਮਲੇ ਹੋਏ ਸਨ। ਉਹ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ, ਪੈਂਟਾਗਨ ਤੇ ਸ਼ੈਂਕਸਵਿਲੇ ਦੇ ਨੇੜੇ ਇਕ ਖੇਤ ’ਚ ਜਾਣਗੇ।

ਇਸ ਦੌਰਾਨ ਉਹ ਭਾਸ਼ਣ ਨਹੀਂ ਦੇਣਗੇ ਬਲਕਿ ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਬਾਈਡੇਨ ਦਾ ਪਹਿਲਾਂ ਹੀ ਰਿਕਾਰਡ ਕੀਤਾ ਗਿਆ ਸੰਬੋਧਨ ਜਾਰੀ ਕੀਤਾ ਸੀ, ਜਿਸ ’ਚ ਰਾਸ਼ਟਰਪਤੀ ‘ਰਾਸ਼ਟਰੀ ਏਕਤਾ ਦੀ ਸੱਚੀ ਭਾਵਨਾ’ ਬਾਰੇ ਗੱਲ ਕਰ ਰਹੇ ਹਨ, ਜੋ ਹਮਲਿਆਂ ਤੋਂ ਬਾਅਦ ਪੈਦਾ ਹੋਈ ਸੀ ਤੇ ਉਮੀਦ ਕੀਤੀ ਗਈ ਤੇ ਅਚਾਨਕ ਥਾਵਾਂ ’ਤੇ ਬਹਾਦਰੀ ਦੇ ਰੂਪ ’ਚ ਦੇਖੀ ਗਈ। ਅਮਰੀਕਾ 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਜਹਾਜ਼ ਹਾਈਜੈਕ ਕਰ ਲਏ ਸਨ ਤੇ ਅਮਰੀਕੀ ਧਰਤੀ ’ਤੇ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਕਰਕੇ ਟਵਿਨ ਟਾਵਰ ਡੇਗ ਦਿੱਤੇ ਸਨ। ਇਨ੍ਹਾਂ ਹਮਲਿਆਂ ’ਚ 3000 ਲੋਕ ਮਾਰੇ ਗਏ ਸਨ। ਬਾਈਡੇਨ ਨੇ ਕਿਹਾ ਕਿ ਮੇਰੇ ਖਿਆਲ ਨਾਲ 11 ਸਤੰਬਰ ਨੂੰ ਲੈ ਕੇ ਮੁੱਖ ਸਬਕ ਇਹੀ ਹੈ, ਏਕਤਾ ਸਾਡੀ ਸਭ ਤੋਂ ਵੱਡੀ ਤਾਕਤ।’’ ਬਾਈਡੇਨ ਸ਼ੁੱਕਰਵਾਰ ਰਾਤ ਨੂੰ ਨਿਊਯਾਰਕ ਪਹੁੰਚੇ ਜਿਥੇ ਆਸਮਾਨ ’ਚ ‘ਟ੍ਰਿਬਿਊਟ ਇਨ ਲਾਈਟ’ ਜਗਮਗ ਹੋ ਰਹੀ ਸੀ। ਇਸ ’ਚ ਉਨ੍ਹਾਂ ਥਾਵਾਂ ’ਤੇ ਸਿੱਧੀ ਰੌਸ਼ਨੀ ਕੀਤੀ ਜਾਂਦੀ ਹੈ, ਜਿਥੇ ਕਦੀ ਟਾਵਰ ਹੁੰਦੇ ਸਨ। ਉਹ ਸ਼ਨੀਵਾਰ ਨੂੰ ਸਭ ਤੋਂ ਪਹਿਲਾਂ ‘ਨੈਸ਼ਨਲ ਸਤੰਬਰ 11 ਮੈਮੋਰੀਅਲ’ ਜਾਣਗੇ, ਜਿਥੇ ਵਰਲਡ ਟਰੇਡ ਸੈਂਟਰ ਦੇ ਟਵਿਨ ਟਾਵਰ ਅੱਤਵਾਦੀਆਂ ਨੇ ਜਹਾਜ਼ਾਂ ਨਾਲ ਹਮਲਾ ਕਰ ਕੇ ਡੇਗ ਦਿੱਤੇ ਸਨ। 


author

Manoj

Content Editor

Related News