ਸਪੇਨ : ਤਾਲਾਬੰਦੀ ਦੌਰਾਨ ਪਤੀਆਂ ਦੇ ਵਧੇ ਜ਼ੁਲਮ, ਵਿਰੋਧ ਲਈ ਸੜਕਾਂ ’ਤੇ ਉੱਤਰੀਆਂ ਔਰਤਾਂ
Friday, Jun 25, 2021 - 04:50 PM (IST)

ਇੰਟਰਨੈਸ਼ਨਲ ਡੈਸਕ : ਸਪੇਨ ’ਚ ਔਰਤਾਂ ਖ਼ਿਲਾਫ਼ ਯੌਨ ਹਿੰਸਾ ਤੇ ਲਿੰਗਿਕ ਭੇਦਭਾਵ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਬੀਤੇ ਇਕ ਮਹੀਨੇ ’ਚ 13 ਅਜਿਹੀਆਂ ਹੱਤਿਆਵਾਂ ਹੋਈਆਂ ਹਨ, ਜਿਨ੍ਹਾਂ ’ਚ ਹਤਿਆਰੇ ਔਰਤਾਂ ਦੇ ਪਾਰਟਨਰ ਜਾਂ ਸਾਬਕਾ ਪਾਰਟਨਰ ਰਹੇ ਹਨ। ਇਨ੍ਹਾਂ ’ਚੋਂ ਤਿੰਨ ਹੱਤਿਆਵਾਂ ਤਾਂ ਸਿਰਫ ਇਕ ਹੀ ਦਿਨ ’ਚ ਹੋਈਆਂ ਹਨ। ਹਾਲ ਹੀ ’ਚ ਹੋਏ ਇਨ੍ਹਾਂ ਹਮਲਿਆਂ ’ਚ ਇਕ ਅਜਿਹੀ ਔਰਤ ਵੀ ਹੈ, ਜਿਸ ’ਚ ਉਸ ਦੇ ਪਤੀ ਨੇ ਹਥੌੜੇ ਨਾਲ ਸਿਰ ’ਚ ਸੱਟ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਇਕ ਰਿਪੋਰਟ ਮੁਤਾਬਕ ਪੁਰਸ਼ਾਂ ਦੀ ਹਿੰਸਾ ਦੀਆਂ ਸ਼ਿਕਾਰ 80 ਫੀਸਦੀ ਔਰਤਾਂ ਨੇ ਕਦੀ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ।
ਇਨ੍ਹਾਂ ਹੱਤਿਆਵਾਂ ਦੇ ਵਿਰੋਧ ’ਚ ਔਰਤਾਂ ਸੜਕਾਂ ’ਤੇ ਉਤਰੀਆਂ ਹਨ। ਬੀਤੇ ਇਕ ਹਫਤੇ ’ਚ ਸਪੇਨ ’ਚ 250 ਛੋਟੇ-ਵੱਡੇ ਪ੍ਰਦਰਸ਼ਨ ਹੋਏ ਹਨ। ਮੈਡ੍ਰਿਡ ਦੇ ਫੇਮੀਨਿਸਟ ਮੂਵਮੈਂਟ ਦੀ ਮਾਰਤਾ ਕਾਰਮਿਨਾਨਾ ਨੇ ਦੱਸਿਆ ਕਿ ਇਹ ਹਮਲਾਵਰ ਪਾਗਲ ਜਾਂ ਬੀਮਾਰ ਨਹੀਂ ਹਨ। ਇਹ ਕੱਟੜ ਪੁਰਸ਼ਵਾਦੀ ਮਾਨਸਿਕਤਾ ਦੀ ਸਨਕ ਨਾਲ ਭਰੇ ਹੋਏ ਹਨ। ਇਨ੍ਹਾਂ ਦਾ ਮਕਸਦ ਔਰਤਾਂ ’ਤੇ ਜ਼ਿਆਦਤੀ ਕਰਨਾ ਤੇ ਉਨ੍ਹਾਂ ਨੂੰ ਨੀਵਾਂ ਦਿਖਾਉਣਾ ਹੁੰਦਾ ਹੈ। ਔਰਤਾਂ ਹੌਲੀ-ਹੌਲੀ ਮਰ ਰਹੀਆਂ ਹਨ ਤੇ ਦੁਨੀਆ ਨੂੰ ਇਹ ਦੱਸਣ ਲਈ ਅਸੀਂ ਪ੍ਰਦਰਸ਼ਨ ਕਰ ਰਹੀਆਂ ਹਨ। ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦੀ ਮੰਗ ਹੈ ਕਿ ਅਜਿਹੇ ਹਮਲਾਵਰਾਂ ’ਤੇ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇ।
ਪੂਰੇ ਦੇਸ਼ ’ਚ ਇਨ੍ਹਾਂ ਅੰਦੋਲਨਾਂ ਨੂੰ ਅੱਗ ਕਥਿਤ ਪਿਤਾ ਵੱਲੋਂ ਆਪਣੀਆਂ ਦੋ ਬੱਚੀਆਂ (6 ਸਾਲਾ ਦੀ ਓਲੀਵੀਆ ਤੇ ਇਕ ਸਾਲ ਦੀ ਐਨਾ) ਦੀ ਹੱਤਿਆ ਨੇ ਦਿੱਤੀ ਹੈ। ਇਸ ਨੂੰ ਲੈ ਕੇ ਪੂਰੇ ਦੇਸ਼ ’ਚ ਗੁੱਸਾ ਹੈ। 2003 ਤੋਂ ਹੁਣ ਤਕ 39 ਨਾਬਾਲਗ ਬੱਚਿਆਂ ਦੀ ਹੱਤਿਆ ਉਨ੍ਹਾਂ ਦੇ ਪਿਤਾ ਨੇ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਦਾ ਕਹਿਣਾ ਹੈ ਕਿ ਪਤੀ ਟਾਮਸ ਨੇ ਆਪਣੀ ਪਤਨੀ ਨੂੰ ਜੀਵਨ ਦਾ ਸਭ ਤੋਂ ਵੱਡਾ ਦਰਦ ਦੇਣ ਦੇ ਇਰਾਦੇ ਨਾਲ ਦੋਵਾਂ ਬੱਚਿਆਂ ਨੂੰ ਮਾਰ ਦਿੱਤਾ। ਔਰਤਾਂ ਪ੍ਰਤੀ ਵਧਦੇ ਅਪਰਾਧ ਤੇ ਲਿੰਗਿਕ ਹਿੰਸਾ ਮਾਮਲਿਆਂ ਦੀ ਮੰਤਰੀ ਵਿਕਟੋਰੀਆ ਰਸੇਲ ਕਹਿੰਦੀ ਹੈ ਕਿ ਕੋਰੋਨਾ ਵਾਂਗ ਇਹ ਵੀ ਮਹਾਮਾਰੀ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਵਧਦੇ ਅਪਰਾਧ ਦਾ ਕਾਰਨ ਕੋਰੋਨਾ ਵਾਇਰਸ ਹੈ, ਜਦੋਂ ਪਾਬੰਦੀਆਂ ਹਟਣਗੀਆਂ ਤਾਂ ਇਨ੍ਹਾਂ ਘਟਨਾਵਾਂ ’ਚ ਕਮੀ ਦੇਖਣ ਨੂੰ ਮਿਲ ਸਕਦੀ ਹੈ।