ਸਪੇਨ 'ਚ ਪੰਜਾਬੀਆਂ ਨੇ ਕਿਸਾਨਾਂ ਦੇ ਹੱਕ 'ਚ ਤੀਜੀ ਵਾਰ ਕੱਢੀ ਰੈਲੀ
Tuesday, Dec 22, 2020 - 01:38 PM (IST)
ਬਾਰਸੀਲੋਨਾ, (ਰਾਜੇਸ਼)- ਭਾਰਤ ਦੀ ਕੇਂਦਰ ਸਰਕਾਰ ਵਲੋਂ ਬਣਾਏ ਖੇਤੀਬਾੜੀ ਕਾਨੂੰਨਾਂ ਤੋਂ ਜਿੱਥੇ ਭਾਰਤੀ ਦੁਖੀ ਹਨ। ਉੱਥੇ ਹੀ, ਵਿਦੇਸ਼ਾਂ ਵਿਚ ਵੱਸਦੇ ਭਾਰਤੀ ਮੋਦੀ ਸਰਕਾਰ ਦੀ ਕਠੋਰਤਾ ਤੋਂ ਅੱਕ ਗਏ ਹਨ। ਬੀਤੇ ਐਤਵਾਰ ਨੂੰ ਸਪੇਨ ਦੇ ਪ੍ਰਸਿੱਧ ਸ਼ਹਿਰ ਬਾਰਸੀਲੋਨਾ ਵਿਚ ਪੰਜਾਬੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢੀ। ਇਸ ਰੋਸ ਰੈਲੀ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਹਿੱਸਾ ਲਿਆ। ਉੱਥੇ ਹੀ ਮੁਟਿਆਰਾਂ ਅਤੇ ਮੁੰਡਿਆਂ ਨੇ ਹੱਥਾਂ ਵਿਚ ਬੈਨਰ ਫੜ ਕੇ ਨਾਅਰੇਬਾਜ਼ੀ ਕੀਤੀ।
ਇਸ ਦੇ ਨਾਲ ਹੀ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਉੱਥੇ ਹੀ, ਰੋਸਕਾਰੀਆਂ ਨੇ ਸਪੇਨ ਸਰਕਾਰ ਵਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕੀਤੀ। ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਲੋਕਾਂ ਨੇ ਕਿਹਾ ਕਿ 25 ਦਿਨਾਂ ਤੋਂ ਕੜਾਕੇ ਦੀ ਠੰਡ ਵਿਚ ਕਿਸਾਨ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਨੇ ਅਜੇ ਫੈਸਲਾ ਨਹੀਂ ਬਦਲਿਆ।
ਰੈਲੀ ਦੇ ਪ੍ਰਬੰਧਕ ਸੁੱਖਾ ਧਾਲੀਵਾਲ ਨੇ ਕਿਹਾ ਕਿ ਸਪੇਨ ਦੀ ਸਰਕਾਰ ਨੇ ਉਨ੍ਹਾਂ ਦੀ ਹਿਮਾਇਤ ਕਰਦਿਆਂ ਤੀਜੀ ਵਾਰ ਉਨ੍ਹਾਂ ਨੂੰ ਕਿਸਾਨਾਂ ਦੇ ਹੱਕ ਵਿਚ ਰੈਲੀ ਕੱਢਣ ਦੀ ਇਜਾਜ਼ਤ ਦਿੱਤੀ। ਉਨ੍ਹਾਂ ਦੱਸਿਆ ਕਿ ਸਪੇਨ ਸਰਕਾਰ ਨੇ ਕੋਰੋਨਾ ਕਾਰਨ 6 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਰੋਕ ਲਾਈ ਹੈ ਅਤੇ ਕ੍ਰਿਸਮਸ ਦੌਰਾਨ ਸਖ਼ਤਾਈ ਵਧਾ ਦਿੱਤੀ ਹੈ ਪਰ ਸਪੇਨ ਸਰਕਾਰ ਨੇ ਉਨ੍ਹਾਂ ਨੂੰ ਨਿਯਮਾਂ ਮੁਤਾਬਕ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ।
ਰੋਸ ਪ੍ਰਦਰਸ਼ਨ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਸ਼ਮੀਰ ਸਿੰਘ, ਗੁਰਜੀਤ ਬਲ, ਮਨਵੀਰ ਸੰਧੂ, ਸੁੱਖ ਧਾਲੀਵਾਲ, ਮਨਦੀਪ ਗਿੱਲ, ਗੋਪੀ ਤਾਰਾਖੋਨਾ, ਜਸਪਾਲ ਸਿੰਘ, ਸੁੱਖੀ ਬਲ, ਰਘਵੀਰ ਸਿੰਘ, ਤਾਜਵੀਰ ਸਿੰਘ, ਪਿੰਦੂ ਮੋਰਖਪੁਰ ਆਦਿ ਨੇ ਆਏ ਹੋਏ ਪ੍ਰਦਰਸ਼ਕਾਰੀਆਂ ਨੂੰ ਆਪਣੇ ਭਾਸ਼ਣ ਨਾਲ ਸੰਬੋਧਨ ਕੀਤਾ।