ਪ੍ਰਵਾਸੀ ਮਜ਼ਦੂਰਾਂ ਬਿਨਾਂ ਸੜਣ ਦੀ ਹਾਲਤ ''ਚ ਹੈ ਸਪੇਨ ਦੀ ''ਸਟ੍ਰਾਬੇਰੀ''

04/17/2020 8:49:48 PM

ਮੈਡਰਿਡ (ਏਜੰਸੀ)- ਸਪੇਨ ਦੇ ਕਿਸਾਨ ਪਹਿਲਾਂ ਹੀ ਮੁਸ਼ਕਿਲ ਸਮੇਂ ਵਿਚੋਂ ਲੰਘ ਰਹੇ ਸਨ। ਉਹ ਉਤਪਾਦਨ ਦੀ ਉੱਚੀ ਲਾਗਤ ਅਤੇ ਪੈਦਾਵਾਰ ਦੀਆਂ ਘੱਟ ਕੀਮਤਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਸਰਕਾਰ ਉਨ੍ਹਾਂ ਦੀ ਸਥਿਤੀ ਸੁਧਾਰਣ ਲਈ ਕੁਝ ਕਰੇਗੀ ਪਰ ਫਿਰ ਕੋਰੋਨਾ ਦੇ ਕਹਿਰ ਕਾਰਨ ਪੂਰਾ ਦੇਸ਼ ਲੌਕਡਾਊਨ ਹੋ ਗਿਆ। ਪ੍ਰਧਾਨ ਮੰਤਰੀ ਪੇਦਰੋ ਸਾਂਚੇਜ਼ ਵਲੋਂ ਐਮਰਜੈਂਸੀ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਹੀ ਸਪੇਨ ਨਾਲ ਲੱਗਦੇ ਮੋਰੱਕੋ ਨੇ ਆਪਣੀ ਸਰਹੱਦ ਬੰਦ ਕਰ ਦਿੱਤੀ ਸੀ। ਰਾਤੋ ਰਾਤ ਹਾਲਾਤ ਬਦਲ ਗਏ। ਉਹ ਮਜ਼ਦੂਰ ਜੋ ਹਰ ਸਾਲ ਫਸਲ ਦੀ ਕਟਾਈ ਦੌਰਾਨ ਮੋਰੱਕੋ ਤੋਂ ਸਪੇਨ ਆਉਂਦੇ ਸਨ ਹੁਣ ਕੰਮ 'ਤੇ ਨਹੀਂ ਆ ਸਕਦੇ। ਇਸ ਤੋਂ ਬਾਅਦ ਪੂਰਬੀ ਯੂਰਪ ਦੇ ਦੇਸ਼ਾਂ ਨੇ ਵੀ ਸਰਹੱਦ ਬੰਦ ਕਰਨ ਦਾ ਐਲਾਨ ਕੀਤਾ ਹੈ ਅਤੇ ਉਥੋਂ ਆਏ ਮਜ਼ਦੂਰ ਜਿੰਨੀ ਛੇਤੀ ਹੋ ਸਕਿਆ ਆਪਣੇ ਦੇਸ਼ ਪਰਤ ਗਏ। ਹੁਣ ਸਪੇਨ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਹੋ ਗਈ ਹੈ। ਇਥੋਂ ਦਾ ਹੁਏਲਵਾ ਇਲਾਕਾ ਸਟ੍ਰਾਬਰੀ ਲਈ ਮਸ਼ਹੂਰ ਹੈ।

ਸਪੇਨ ਦੀ 97 ਫੀਸਦੀ ਸਟ੍ਰਾਬੇਰੀ ਇਥੋਂ ਆਉਂਦੀ ਹੈ ਅਤੇ ਅਪ੍ਰੈਲ ਵਿਚ ਇਥੋਂ ਸਟ੍ਰਾਬੇਰੀ ਪੂਰੇ ਯੂਰਪ ਵਿਚ ਭੇਜੀ ਜਾਂਦੀ ਹੈ। ਇਸ ਵੇਲੇ ਇਥੇ ਸਟ੍ਰਾਬੇਰੀ ਤਾਂ ਉਗ ਚੁੱਕੀ ਹੈ ਪਰ ਉਸ ਨੂੰ ਵੱਢਣ ਲਈ ਕੋਈ ਨਹੀਂ ਹੈ। ਇਕ ਅੰਦਾਜ਼ੇ ਮੁਤਾਬਕ ਸਪੇਨ ਦੇ ਇਸ ਇਲਾਕੇ ਵਿਚ 25000 ਅਸਥਾਈ ਮਜ਼ਦੂਰਾਂ ਦੀ ਕਮੀ ਹੈ। ਇਹ ਲੋਕ ਸਿਰਫ ਕਟਾਈ ਦੇ ਸੀਜ਼ਨ ਵਿਚ ਸਪੇਨ ਆਉਂਦੇ ਅਤੇ ਪੈਸਾ ਕਮਾ ਕੇ ਆਪਣੇ ਮੁਲਕ ਪਰਤ ਜਾਂਦੇ ਪਰ ਇਸ ਸਾਲ ਇਨ੍ਹਾਂ ਦੇ ਆਉਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਨ। ਅਜਿਹਾ ਹੀ ਹਾਲ ਯੂਰਪ ਦੇ ਹੋਰ ਉਦਯੋਗਾਂ ਦਾ ਵੀ ਹੈ, ਜੋ ਕੋਰੋਨਾ ਦੀ ਮਾਰ ਝੱਲ ਰਹੇ ਹਨ।

ਯੂਨੀਵਰਸਿਟੀ ਆਫ ਸੇਵੈਯਾ ਦੇ ਪ੍ਰੋਫੈਸਰ ਮਾਨੁਏਲ ਦੇਲਗਾਦੋ ਕਾਬੇਜਾ ਦਾ ਕਹਿਣਾ ਹੈ ਕਿ ਬਿਲਕੁਲ ਨਹੀਂ ਆਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਥੋੜ੍ਹੇ ਬਹੁਤ ਪ੍ਰਵਾਸੀ ਮਜ਼ਦੂਰ ਮੌਜੂਦ ਹਨ। ਕਿਸਾਨਾਂ ਨੂੰ ਉਨ੍ਹਾਂ ਤੋਂ ਕੰਮ ਚਲਾਉਣਾ ਹੋਵੇਗਾ ਜਾਂ ਫਿਰ ਸਥਾਨਕ ਲੋਕਾਂ ਨੂੰ ਕੰਮ 'ਤੇ ਲਗਾਉਣਾ ਹੋਵੇਗਾ। ਹੁਏਲਵਾ ਲਈ ਸਟ੍ਰਾਬੇਰੀ ਹੀ ਕਮਾਈ ਦਾ ਮੁੱਖ ਸਾਧਨ ਹੈ। ਸਟ੍ਰਾਬੇਰੀ ਦੀ ਫਸਲ ਨੂੰ ਛੱਡ ਦਿਓ ਤਾਂ ਇਲਾਕੇ ਵਿਚ ਬਾਕੀ ਰੋਜ਼ਗਾਰ ਨਾ ਦੇ ਬਰਾਬਰ ਹਨ ਅਤੇ ਗਰੀਬੀ ਵੀ ਬਹੁਤ ਹੈ। ਹੁਣ ਸਟ੍ਰਾਬੇਰੀ ਦੀ ਖੇਤੀ ਵੀ ਜੇਕਰ ਰੁੱਕ ਜਾਵੇਗੀ ਤਾਂ ਪੂਰਾ ਇਲਾਕਾ ਗਰੀਬੀ ਦੀ ਲਪੇਟ ਵਿਚ ਆ ਜਾਵੇਗਾ।


Sunny Mehra

Content Editor

Related News