...ਤੇ ਇਸ ਕਾਰਨ ਨਹੀਂ ਚੜ੍ਹਨ ਦਿੱਤਾ ਗਿਆ ਬੱਚੀ ਨੂੰ ਫਲਾਈਟ ''ਤੇ

01/01/2018 4:18:33 PM

ਸ਼ਿਕਾਗੋ(ਬਿਊਰੋ)— ਅਮਰੀਕਾ ਦੀ ਸਾਊਥ ਵੈਸਟ ਏਅਰਲਾਈਨਜ਼ ਨੇ ਆਪਣੇ ਇਕ ਯਾਤਰੀ ਦੀ 6 ਸਾਲ ਦੀ ਧੀ ਨੂੰ ਇਕ ਬੇਹੱਦ ਹੀ ਅਜੀਬ ਕਾਰਨ ਨਾਲ ਫਲਾਈਟ ਵਿਚ ਚੜਨ ਤੋਂ ਰੋਕ ਦਿੱਤਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਥ ਵੈਸਟ ਏਅਰਲਾਈਨਜ਼ ਨੇ ਉਸ 6 ਸਾਲ ਦੀ ਬੱਚੀ ਨੂੰ ਸਿਰਫ ਇਸ ਲਈ ਫਲਾਈਟ ਵਿਚ ਚੜਨ ਤੋਂ ਰੋਕ ਦਿੱਤਾ, ਕਿਉਂਕਿ ਉਸ ਦੇ ਵਾਲਾਂ ਵਿਚ ਜੂਆਂ ਸਨ।
ਇਹ ਅਜੀਬੋ-ਗਰੀਬ ਮਾਮਲਾ ਸ਼ਿਕਾਗੋ ਦੇ ਰਹਿਣ ਵਾਲੇ ਜੇ. ਨਿਊਮਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹੋਇਆ, ਜਦੋਂ ਉਹ ਸ਼ਿਕਾਗੋ ਤੋਂ ਕੈਲੀਫੋਰਨੀਆ ਜਾਣ ਵਾਲੀ ਆਪਣੀ ਫਲਾਈਟ ਦਾ ਇੰਤਜ਼ਾਰ ਕਰ ਰਹੇ ਸਨ। ਉਹ ਆਪਣੀਆਂ ਛੁੱਟੀਆਂ ਮਨਾਉਣ ਲਈ ਡਿਜ਼ਨੀਲੈਂਡ ਜਾ ਰਹੇ ਸਨ। ਫਲਾਈਟ ਦੇ ਇੰਤਜ਼ਾਰ ਦੌਰਾਨ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੀ ਧੀ ਦੇ ਵਾਲਾਂ ਵਿਚ ਚਿੱਟੇ ਰੰਗ ਦਾ ਕੁੱਝ ਨਜ਼ਰ ਆਇਆ, ਜੋ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਹਟਾ ਦਿੱਤਾ। ਇਸ ਤੋਂ ਅੱਧੇ ਘੰਟੇ ਬਾਅਦ ਏਅਰਲਾਈਨਜ਼ ਦਾ ਇਕ ਕਰਮਚਾਰੀ ਉਨ੍ਹਾਂ ਕੋਲ ਆਇਆ ਅਤੇ ਕਿਹਾ ਕਿ ਕੁੱਝ ਸਾਥੀ ਯਾਤਰੀਆਂ ਨੇ ਚਿੰਤਾ ਜਤਾਈ ਹੈ ਕਿ ਉਨ੍ਹਾਂ ਦੀ ਧੀ ਦੇ ਵਾਲਾਂ ਵਿਚ ਜੂਆਂ ਹਨ। ਜਦੋਂ ਨਿਊਮਨ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਉਸ ਕਰਮਚਾਰੀ ਤੋਂ ਪੁੱਛਿਆ ਕਿਤੇ ਉਹ ਮਜ਼ਾਕ ਤਾਂ ਨਹੀ ਕਰ ਰਹੇ? ਨਾਲ ਹੀ ਉਨ੍ਹਾਂ ਨੇ ਏਅਰਲਾਈਨਜ਼ ਕਰਮਚਾਰੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਨ੍ਹਾਂ ਦੀ ਧੀ ਦੇ ਵਾਲਾਂ ਵਿਚ ਕੋਈ ਸਮੱਸਿਆ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਨੂੰ ਫਲਾਈਟ ਵਿਚ ਨਹੀਂ ਚੜ੍ਹਨ ਦਿੱਤਾ ਗਿਆ ਅਤੇ ਅਗਲੀ ਫਲਾਈਟ 2 ਦਿਨ ਬਾਅਦ ਸੀ।
ਇਸ ਘਟਨਾ ਤੋਂ ਬਾਅਦ ਨਿਊਮਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਇਸ ਘਟਨਾ ਨਾਲ ਬਹੁਤ ਦੁਖੀ ਹੈ, ਕਿਉਂਕਿ ਉਸ ਨੂੰ ਅਜਿਹਾ ਲੱਗ ਰਿਹਾ ਹੇ ਕਿ ਇਸ ਵਿਚ ਉਸ ਦੀ ਗਲਤੀ ਹੈ। ਉਥੇ ਹੀ ਸਾਊਥ ਵੈਸਟ ਏਅਰਲਾਈਨਜ਼ ਨੇ ਇਸ ਘਟਨਾ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਅਸੀਂ ਆਪਣੇ ਦੂਜੇ ਯਾਤਰੀਆਂ ਨੂੰ ਤਕਲੀਫ ਨਹੀਂ ਦੇਣਾ ਚਹੁੰਦੇ ਸੀ। ਕਾਫੀ ਯਾਤਰੀਆਂ ਨੇ ਇਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਨਿਊਮਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਕੰਪਨੀ ਵੱੱਲੋਂ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।


Related News