ਦੁਨੀਆ ਭਰ ''ਤੇ ਕੋਰੋਨਾ ਦਾ ਕਹਿਰ ਜਾਰੀ, ਦੱਖਣੀ ਸੂਡਾਨ ਦੇ ਉਪ-ਰਾਸ਼ਟਰਪਤੀ ਹੋਏ ਇਨਫੈਕਟਿਡ
Tuesday, May 19, 2020 - 12:11 PM (IST)
ਜਿਨੇਵਾ- ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਦੱਖਣੀ ਸੂਡਾਨ ਦੇ ਉਪ-ਰਾਸ਼ਟਰਪਤੀ ਰੀਕ ਮਾਸ਼ਰ ਤੇ ਉਹਨਾਂ ਦੀ ਪਤਨੀ ਟੇਨੀ, ਜੋ ਦੇਸ਼ ਦੀ ਰੱਖਿਆ ਮੰਤਰੀ ਹਨ, ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਾਸ਼ਰ ਦੀ ਉਮਰ 60 ਸਾਲ ਤੋਂ ਉੱਪਰ ਹੈ। ਉਹਨਾਂ ਦਾ ਕੋਰੋਨਾ ਟੈਸਟ 13 ਮਈ ਨੂੰ ਉਸ ਵੇਲੇ ਕੀਤਾ ਗਿਆ ਸੀ ਜਦੋਂ ਕੋਵਿਡ-19 ਟਾਸਟ ਫੋਰਸ ਦਾ ਇਕ ਮੈਂਬਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਮਾਸ਼ਰ ਦੇ ਬਾਡੀਗਾਰਡ ਤੇ ਸਟਾਫ ਦੇ ਕੁਝ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਦੱਖਣੀ ਸੂਡਾਨ ਵਿਚ ਕੁੱਲ 236 ਲੋਕ ਇਨਫੈਕਟਿਡ ਹਨ ਤੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ, ਬ੍ਰਾਜ਼ੀਲ, ਰੂਸ ਤੇ ਭਾਰਤ ਅਜੇ ਵੀ ਕੋਰੋਨਾ ਵਾਇਰਸ ਦੇ ਹਾਟਸਪਾਟ ਬਣੇ ਹੋਏ ਹਨ। ਇਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਦੁਨੀਆ ਭਰ ਵਿਚ ਇਨਫੈਕਸ਼ਨ ਦੇ 88000 ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 48,88,000 ਤੋਂ ਵਧੇਰੇ ਹੋ ਗਈ ਹੈ। ਬੀਤੇ 24 ਘੰਟਿਆਂ ਵਿਚ ਇਕ ਇਨਫੈਕਸ਼ਨ ਕਾਰਣ ਤਕਰੀਬਨ 3,500 ਲੋਕਾਂ ਨੇ ਆਪਣੇ ਜਾਨ ਗੁਆਈ ਹੈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 3,19,900 ਤੋਂ ਵਧੇਰੇ ਹੋ ਗਈ ਹੈ। ਅਮਰੀਕਾ ਤੇ ਬ੍ਰਾਜ਼ੀਲ ਵਿਚ ਸਭ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜਦਕਿ ਭਾਰਤ ਵਿਚ ਇਨਫੈਕਸ਼ਨ ਦੇ ਮਾਮਲਿਆਂ ਦਾ ਅੰਕੜਾ 1 ਲੱਖ ਪਾਰ ਹੋ ਗਿਆ ਹੈ।