S. Korea: ਅਚਾਨਕ ਡਿੱਗੀ ਨਾਈਟ ਕਲੱਬ ਦੀ ਛੱਤ, 2 ਦੀ ਮੌਤ ਤੇ 17 ਜ਼ਖਮੀ
Saturday, Jul 27, 2019 - 11:59 AM (IST)

ਗਵਾਂਗਜੂ/ਸਿਡਨੀ— ਦੱਖਣੀ ਕੋਰੀਆ ਦੇ ਗਵਾਂਗਜੂ ਸ਼ਹਿਰ 'ਚ ਸ਼ਨੀਵਾਰ ਸਵੇਰੇ ਇਕ ਨਾਈਟ ਕਲੱਬ 'ਚ ਛੱਤ ਦਾ ਇਕ ਹਿੱਸਾ ਡਿਗਣ ਕਾਰਨ 2 ਦੱਖਣੀ ਕੋਰੀਆਈ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਹੋਰ 9 ਐਥਲੀਟਾਂ ਸਮੇਤ 17 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਨ੍ਹਾਂ 'ਚ 'ਆਸਟ੍ਰੇਲੀਅਨ ਵੂਮਨ ਵਾਟਰ ਪੂਲ ਗੇਮ' ਦੀਆਂ ਖਿਡਾਰਨਾਂ ਵੀ ਸਨ। ਉਂਝ ਉਹ ਸੁਰੱਖਿਅਤ ਹਨ ਪਰ ਇਸ ਹਾਦਸੇ ਕਾਰਨ ਕਾਫੀ ਡਰ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਹ ਜਿੱਤ ਦਾ ਜਸ਼ਨ ਮਨਾ ਰਹੇ ਸਨ ਤੇ ਇਹ ਹਾਦਸਾ ਵਾਪਰ ਗਿਆ।
ਗਵਾਂਗਜੂ ਦੇ ਫਾਇਰ ਫਾਈਟਰਜ਼ ਅਤੇ ਸੁਰੱਖਿਆ ਵਿਭਾਗ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਨਾਈਟ ਕਲੱਬ 'ਚ 2.5 ਮੀਟਰ ਉੱਚੀ ਛੱਤ ਦਾ ਇਕ ਹਿੱਸਾ ਲੋਕਾਂ 'ਤੇ ਡਿੱਗ ਜਾਣ ਕਾਰਨ 2 ਦੱਖਣੀ ਕੋਰੀਆਈ ਨਾਗਰਿਕਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਦੇ ਤੌਰ 'ਤੇ ਸਿਰਫ ਉਨ੍ਹਾਂ ਦੇ ਸਰਨੇਮ ਹੀ ਪਤਾ ਲੱਗੇ ਹਨ। ਹਾਦਸੇ 'ਚ 9 ਅਥਲੀਟਾਂ ਸਮੇਤ 17 ਲੋਕ ਜ਼ਖਮੀ ਹੋ ਗਏ। ਉਨ੍ਹਾਂ 'ਚੋਂ ਚਾਰ ਅਮਰੀਕੀ, ਦੋ ਨਿਊਜ਼ੀਲੈਂਡ, ਇਕ ਨੀਦਰਲੈਂਡ, ਇਕ ਇਟਲੀ ਅਤੇ ਇਕ ਬ੍ਰਾਜ਼ੀਲ ਦਾ ਤੈਰਾਕ ਸ਼ਾਮਲ ਹੈ। ਜ਼ਖਮੀਆਂ 'ਚੋਂ ਕੁਝ ਦੀ ਮਾਮੂਲੀ ਸਰਜਰੀ ਵੀ ਕੀਤੀ ਗਈ। ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ।