ਦੱਖਣੀ ਕੋਰੀਆ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ''ਤੇ ਪਾਬੰਦੀ ਦੀ ਮਿਆਦ ਵਧਾਈ

Friday, Jan 27, 2023 - 12:19 PM (IST)

ਦੱਖਣੀ ਕੋਰੀਆ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ''ਤੇ ਪਾਬੰਦੀ ਦੀ ਮਿਆਦ ਵਧਾਈ

ਸਿਓਲ (ਭਾਸ਼ਾ) : ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉਹ ਫਰਵਰੀ ਦੇ ਅੰਤ ਤੱਕ ਚੀਨ ਤੋਂ ਥੋੜ੍ਹੇ ਸਮੇਂ ਲਈ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀ ਨੂੰ ਲਾਗੂ ਰੱਖੇਗਾ। ਚੀਨ 'ਚ ਚੰਦਰ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਕੋਵਿਡ-19 ਦੇ ਫੈਲਣ ਦੇ ਵਧਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਜਨਵਰੀ ਦੇ ਸ਼ੁਰੂ ਵਿੱਚ, ਦੱਖਣੀ ਕੋਰੀਆ ਨੇ ਚੀਨ ਵਿੱਚ ਆਪਣੇ ਕੌਂਸਲੇਟ ਜਨਰਲ ਵਿੱਚ ਛੋਟੀ ਮਿਆਦ ਦੇ ਵੀਜ਼ਾ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਸੀ।

ਉਸ ਨੇ ਦਸੰਬਰ 'ਚ ਚੀਨ 'ਚ ਪਾਬੰਦੀਆਂ 'ਚ ਢਿੱਲ ਦੇਣ ਤੋਂ ਬਾਅਦ ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਅਤੇ ਵਾਇਰਸ ਦੇ ਨਵੇਂ ਰੂਪਾਂ ਦੇ ਸਾਹਮਣੇ ਆਉਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ। ਦੱਖਣੀ ਕੋਰੀਆ ਨੇ ਚੀਨ, ਹਾਂਗਕਾਂਗ ਅਤੇ ਮਕਾਊ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਰਵਾਨਗੀ ਤੋਂ 48 ਘੰਟੇ ਪਹਿਲਾਂ ਤੱਕ ਦੀ ਮਿਆਦ ਵਿਚ ਕਰਾਈ ਗਈ ਕੋਵਿਡ ਜਾਂਚ ਦੀ ਨੈਗੇਟਿਵ ਰਿਪੋਰਟ ਨੂੰ ਪੇਸ਼ ਕਰਨਾ ਲਾਜ਼ਮੀ ਕਰ ਦਿੱਤਾ ਸੀ।

ਇਨ੍ਹਾਂ ਯਾਤਰੀਆਂ ਦਾ ਦੱਖਣੀ ਕੋਰੀਆ ਪਹੁੰਚਣ 'ਤੇ ਇੱਕ ਤਾਜ਼ਾ ਕੋਵਿਡ ਟੈਸਟ ਵੀ ਕੀਤਾ ਜਾ ਰਿਹਾ ਹੈ। ਦੱਖਣੀ ਕੋਰੀਆ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਜਵਾਬ ਵਿੱਚ, ਚੀਨ ਨੇ ਵੀ ਉੱਥੋਂ ਦੇ ਯਾਤਰੀਆਂ ਨੂੰ ਛੋਟੀ ਮਿਆਦ ਦੇ ਵੀਜ਼ਾ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਸੀ। ਇਸ ਨਾਲ ਦੱਖਣੀ ਕੋਰੀਆ ਵਿੱਚ ਵਪਾਰਕ ਗਤੀਵਿਧੀਆਂ ਵਿੱਚ ਵਿਘਨ ਪਾਉਣ ਬਾਰੇ ਚਿੰਤਾਵਾਂ ਵੱਧ ਗਈਆਂ ਸਨ, ਜੋ ਵੱਡੇ ਪੈਮਾਨੇ 'ਤੇ ਚੀਨ ਨੂੰ ਕੀਤੇ ਜਾਣ ਵਾਲੇ ਨਿਰਯਾਤ 'ਤੇ ਨਿਰਭਰ ਹੈ।


author

cherry

Content Editor

Related News