ਦੱਖਣੀ ਕੋਰੀਆ ਨੇ ਆਪਣੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਦਾ ਕੀਤਾ ਪ੍ਰਦਰਸ਼ਨ

Tuesday, Oct 01, 2024 - 11:20 AM (IST)

ਦੱਖਣੀ ਕੋਰੀਆ ਨੇ ਆਪਣੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਦਾ ਕੀਤਾ ਪ੍ਰਦਰਸ਼ਨ

ਸਿਓਲ (ਏ.ਪੀ.)- ਦੱਖਣੀ ਕੋਰੀਆ ਨੇ ਮੰਗਲਵਾਰ ਨੂੰ ਆਪਣੇ ਸ਼ਾਨਦਾਰ ਹਥਿਆਰਬੰਦ ਬਲ ਦਿਵਸ ਸਮਾਰੋਹ ਦੌਰਾਨ ਉੱਤਰੀ ਕੋਰੀਆ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਆਪਣੀ ਸਭ ਤੋਂ ਸ਼ਕਤੀਸ਼ਾਲੀ ਬੈਲਿਸਟਿਕ ਮਿਜ਼ਾਈਲ ਅਤੇ ਹੋਰ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉੱਤਰੀ ਕੋਰੀਆ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਸ਼ਾਸਨ ਢਹਿ ਜਾਵੇਗਾ। ਦੱਖਣੀ ਕੋਰੀਆ ਦਾ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਚਿਤਾਵਨੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਉਸ ਦੇ ਕੱਟੜ ਵਿਰੋਧੀ ਦੇਸ਼ ਨੇ ਨਵੰਬਰ 'ਚ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਯੂਰੇਨੀਅਮ ਸੰਸ਼ੋਧਨ ਕੇਂਦਰ ਅਤੇ ਮਿਜ਼ਾਈਲ ਪ੍ਰੀਖਣਾਂ ਦਾ ਖੁਲਾਸਾ ਕੀਤਾ ਹੈ। 

ਰਾਸ਼ਟਰਪਤੀ ਯੇਓਲ ਨੇ ਰਾਜਧਾਨੀ ਸਿਓਲ ਨੇੜੇ ਇੱਕ ਫੌਜੀ ਏਅਰਬੇਸ 'ਤੇ ਇਕੱਠੇ ਹੋਏ ਹਜ਼ਾਰਾਂ ਸੈਨਿਕਾਂ ਨੂੰ ਕਿਹਾ,"ਜੇਕਰ ਉੱਤਰੀ ਕੋਰੀਆ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਨੂੰ ਸਾਡੀ ਫੌਜ ਅਤੇ (ਦੱਖਣੀ ਕੋਰੀਆ-ਅਮਰੀਕੀ ਗਠਜੋੜ) ਦੁਆਰਾ ਸਖ਼ਤ ਅਤੇ ਜ਼ਬਰਦਸਤ ਜਵਾਬ ਦਿੱਤਾ ਜਾਵੇਗਾ।ਉਹ ਦਿਨ ਉੱਤਰੀ ਕੋਰੀਆ ਦੇ ਸ਼ਾਸਨ ਦਾ ਅੰਤ ਹੋਵੇਗਾ।'' ਉਨ੍ਹਾਂ ਕਿਹਾ, ''ਉੱਤਰੀ ਕੋਰੀਆ ਦੀ ਸਰਕਾਰ ਨੂੰ ਇਹ ਭੁਲੇਖਾ ਛੱਡ ਦੇਣਾ ਚਾਹੀਦਾ ਹੈ ਕਿ ਪਰਮਾਣੂ ਹਥਿਆਰ ਉਨ੍ਹਾਂ ਦੀ ਰੱਖਿਆ ਕਰਨਗੇ।'' ਸਮਾਰੋਹ ਦੌਰਾਨ ਦੱਖਣੀ ਕੋਰੀਆ ਦੀ ਫੌਜ ਨੇ ਲਗਭਗ 340 ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਫੌਜੀ ਸਾਜ਼ੋ-ਸਾਮਾਨ ਅਤੇ ਹਥਿਆਰ ਪ੍ਰਣਾਲੀਆਂ ਦਾ ਪ੍ਰਦਰਸ਼ਨ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਚ ਵਾਧਾ, ਲਹਿੰਦਾ ਪੰਜਾਬ ਮੋਹਰੀ

ਇਨ੍ਹਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਹੁਨਮੋ-5 ਬੈਲਿਸਟਿਕ ਮਿਜ਼ਾਈਲ ਸੀ। ਆਬਜ਼ਰਵਰਾਂ ਦਾ ਕਹਿਣਾ ਹੈ ਕਿ ਕਰੀਬ ਅੱਠ ਟਨ ਰਵਾਇਤੀ ਹਥਿਆਰਾਂ ਨੂੰ ਲਿਜਾਣ 'ਚ ਸਮਰੱਥ ਇਹ ਮਿਜ਼ਾਈਲ ਧਰਤੀ ਦੀ ਡੂੰਘਾਈ 'ਚ ਪ੍ਰਵੇਸ਼ ਕਰ ਸਕਦੀ ਹੈ ਅਤੇ ਉੱਤਰੀ ਕੋਰੀਆ ਦੇ ਜ਼ਮੀਨਦੋਜ਼ ਬੰਕਰਾਂ ਨੂੰ ਤਬਾਹ ਕਰ ਸਕਦੀ ਹੈ। ਇਹ ਪਹਿਲੀ ਵਾਰ ਹੈ ਜਦੋਂ ਦੱਖਣੀ ਕੋਰੀਆ ਨੇ ਇਸ ਮਿਜ਼ਾਈਲ ਦਾ ਖੁਲਾਸਾ ਕੀਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਉੱਤਰੀ ਕੋਰੀਆ ਦੇ ਉਪ ਰੱਖਿਆ ਮੰਤਰੀ ਕਿਮ ਕਾਂਗ ਇਲ ਨੇ ਦੱਖਣੀ ਕੋਰੀਆ ਵਿੱਚ ਸ਼ਕਤੀਸ਼ਾਲੀ ਫੌਜੀ ਸੰਪਤੀਆਂ ਦੀ ਅਸਥਾਈ ਤਾਇਨਾਤੀ ਲਈ ਅਮਰੀਕਾ ਦੀ ਆਲੋਚਨਾ ਕੀਤੀ ਅਤੇ ਸਖ਼ਤ ਪ੍ਰਤੀਕਿਰਿਆ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News