ਦੱਖਣੀ ਕੋਰੀਆ ਨੇ ਲਾਇਆ ਧਾਰਮਿਕ ਨੇਤਾ ''ਤੇ ਕੋਰੋਨਾ ਦੇ ਮਾਮਲੇ ਵਧਾਉਣ ਦਾ ਦੋਸ਼
Monday, Aug 17, 2020 - 03:48 AM (IST)
ਸਿਓਲ - ਦੱਖਣੀ ਕੋਰੀਆ ਨੇ ਇਕ ਧਾਰਮਿਕ ਆਗੂ 'ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਅਣਦੇਖੀ ਕਰਨ ਅਤੇ ਦੇਸ਼ ਵਿਚ ਕੋਰੋਨਾਵਾਇਰਸ ਲਾਗ ਦੀ ਜਾਂਚ ਵਿਚ ਅੜਿੱਕਾ ਪਾਉਣ ਦਾ ਦੋਸ਼ ਲਾਇਆ ਹੈ। ਐਤਵਾਰ ਨੂੰ ਬੀਤੇ 24 ਘੰਟਿਆਂ ਦੀ ਰਿਪੋਰਟ ਦੇ ਆਧਾਰ 'ਤੇ ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਲਾਗ ਦੇ ਕਰੀਬ 279 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਲਾਗ ਦੇ 103 ਮਾਮਲੇ ਸਾਹਮਣੇ ਆਏ ਸਨ। ਸਭ ਤੋਂ ਜ਼ਿਆਦਾ ਲਾਗ ਦੇ ਮਾਮਲੇ ਸਿਓਲ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮਿਲੇ ਹਨ। ਰਾਜਧਾਨੀ ਵਿਚ ਰਿਕਾਰਡ ਕੀਤੇ ਗਏ 146 ਮਾਮਲਿਆਂ ਵਿਚੋਂ 107 ਮਾਮਲੇ ਅਜਿਹੇ ਹਨ ਜਿਨ੍ਹਾਂ ਦਾ ਸਬੰਧ ਸਰਗ ਜੀਲ ਚਰਚ ਨਾਲ ਹੈ।
ਇਸ ਚਰਚ ਦੀ ਅਗਵਾਈ ਰੇਵ ਜੂਨ ਕਵਾਂਗ ਹੂਨ ਕਰਦੇ ਹਨ। ਜੋ ਕਿ ਇਕ ਵਿਵਾਦਤ ਪਾਦਰੀ ਹਨ ਅਤੇ ਸਰਕਾਰ ਦੇ ਮੁੱਖ ਆਲੋਚਕ ਵੀ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉਹ ਐਤਵਾਰ ਤੱਕ ਜੂਨ ਖਿਲਾਫ ਸ਼ਿਕਾਇਤ ਦਰਜ ਕਰਾਉਣਗੇ। ਉਨਾਂ 'ਤੇ ਸ਼ਨੀਵਾਰ ਨੂੰ ਇਕ ਰੈਲੀ ਵਿਚ ਸ਼ਾਮਲ ਹੋ ਕੇ ਸੈਲਫ-ਆਇਸੋਲੇਸ਼ਨ ਦੇ ਨਿਯਮਾਂ ਦੇ ਉਲੰਘਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਪ੍ਰੀਖਣ ਲਈ ਚਰਚ ਦੇ ਸਾਰੇ ਮੈਂਬਰਾਂ ਦੀ ਸਹੀ ਸੂਚੀ ਮੁਹੱਈਆ ਨਾ ਕਰਾਉਣ ਦਾ ਵੀ ਇਕ ਦੋਸ਼ ਹੈ। ਰਾਸ਼ਟਰਪਤੀ ਮੂਨ ਜੇ ਇਨ ਦੀਆਂ ਨੀਤੀਆਂ ਖਿਲਾਫ ਅਤੇ ਰਾਜਧਾਨੀ ਵਿਚ ਰੈਲੀਆਂ 'ਤੇ ਪਾਬੰਦੀ ਦੇ ਬਾਵਜੂਦ ਇਸ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਹਾਲਾਂਕਿ ਸਬੰਧਿਤ ਚਰਚ ਨੇ ਹੁਣ ਤੱਕ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉਥੇ ਹੀ ਦੱਖਣੀ ਕੋਰੀਆ ਵਿਚ ਹੁਣ ਤੱਕ ਕੋਰੋਨਾ ਦੇ 15,318 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 305 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 13,910 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।