FATF ਦੀ ''ਗ੍ਰੇ ਸੂਚੀ'' ''ਚੋਂ 3 ਸਾਲਾਂ ਬਾਅਦ ਬਾਹਰ ਨਿਕਲਿਆ ਦੱਖਣੀ ਅਫਰੀਕਾ

Tuesday, Oct 28, 2025 - 03:43 PM (IST)

FATF ਦੀ ''ਗ੍ਰੇ ਸੂਚੀ'' ''ਚੋਂ 3 ਸਾਲਾਂ ਬਾਅਦ ਬਾਹਰ ਨਿਕਲਿਆ ਦੱਖਣੀ ਅਫਰੀਕਾ

ਜੋਹਾਨਸਬਰਗ (ਏਜੰਸੀ)- ਦੱਖਣੀ ਅਫਰੀਕਾ ਨੂੰ ਲਗਭਗ 3 ਸਾਲ ਬਾਅਦ ਵਿੱਤੀ ਐਕਸ਼ਨ ਟਾਸਕ ਫੋਰਸ (FATF) ਦੀ ਗ੍ਰੇ ਸੂਚੀ ਵਿਚੋਂ ਬਾਹਰ ਨਿਕਲਣ ਵਿਚ ਸਫਲਤਾ ਮਿਲੀ ਹੈ। ਗਲੋਬਲ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤ ਪੋਸ਼ਣ ਨਿਗਰਾਨੀ ਸੰਸਥਾ ਨੇ ਪਿਛਲੇ ਹਫਤੇ ਪੈਰਿਸ ਵਿਚ ਆਪਣੀ 3-ਰੋਜ਼ਾ ਪੂਰਨ ਮੀਟਿੰਗ ਦੇ ਸਮਾਪਤ ਹੋਣ ਤੋਂ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ। FATF ਦੀ ਗ੍ਰੇ ਸੂਚੀ ਵਿੱਚ ਸ਼ਾਮਲ ਦੇਸ਼ਾਂ 'ਤੇ ਨੇੜਿਓਂ ਨਜ਼ਰ ਰੱਖੀ ਜਾਂਦੀ ਹੈ ਅਤੇ ਅਜਿਹੇ ਦੇਸ਼ਾਂ ਨੂੰ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤ ਪੋਸ਼ਣ ਆਦਿ ਦਾ ਮੁਕਾਬਲਾ ਕਰਨ ਲਈ ਰਣਨੀਤਕ ਕਮੀਆਂ ਨੂੰ ਦੂਰ ਕਰਨ ਦੀ ਲੋੜ ਹੁੰਦੀ ਹੈ।

ਦੱਖਣੀ ਅਫਰੀਕਾ ਦੇ ਵਿੱਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, ਪਿਛਲੇ 32 ਮਹੀਨਿਆਂ ਵਿਚ ਦੱਖਣੀ ਅਫਰੀਕਾ ਨੇ ਕਾਰਜ ਯੋਜਨਾ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ FATF ਵੱਲੋਂ ਨਿਯੁਕਤ ਸਮੀਖਿਅਕਾਂ ਦੀ ਇਕ ਟੀਮ ਨਾਲ ਕੰਮ ਕੀਤਾ ਹੈ। ਇਸੇ ਸਹਿਯੋਗ ਕਾਰਨ ਜੁਲਾਈ 2025 ਦੇ ਆਖੀਰ ਵਿਚ ਸਮੀਖਿਅਕਾਂ ਨੇ ਸਾਈਟ ਦਾ ਨਿਰੀਖਣ ਕੀਤਾ। ਇਸ ਦੌਰਾਨ ਸਮੀਖਿਅਕ ਸੁਧਾਰਾਂ ਦੀ ਸਥਿਰਤਾ ਦੀ ਪੁਸ਼ਟੀ ਕਰਨ ਲਈ ਇੱਥੇ ਆਏ ਅਤੇ ਉਨ੍ਹਾਂ ਵੱਲੋਂ ਤਿਆਰ ਰਿਪੋਰਟ FATF ਨੂੰ ਪੇਸ਼ ਕੀਤੀ ਗਈ।

ਬਿਆਨ ਵਿੱਚ ਕਿਹਾ ਗਿਆ ਹੈ ਕਿ FATF ਨੂੰ ਮਨੀ ਲਾਂਡਰਿੰਗ ਵਿਰੋਧੀ ਅਤੇ ਅੱਤਵਾਦ ਦੀ ਵਿੱਤ ਪੋਸ਼ਣ (AML/CFT) ਪ੍ਰਣਾਲੀ ਵਿੱਚ ਟਿਕਾਊ ਸੁਧਾਰਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਭਰੋਸਾ ਦਿੱਤਾ ਗਿਆ ਹੈ। ਹਾਲਾਂਕਿ, ਵਿੱਤ ਮੰਤਰਾਲਾ ਨੇ FATF ਦੀ ਗ੍ਰੇ ਸੂਚੀ ਵਿੱਚ ਵਾਪਸ ਸ਼ਾਮਲ ਹੋਣ ਤੋਂ ਬਚਣ ਲਈ ਕਿਸੇ ਵੀ ਲਾਪਰਵਾਹੀ ਵਿਰੁੱਧ ਚੇਤਾਵਨੀ ਵੀ ਦਿੱਤੀ ਹੈ। ਦੱਖਣੀ ਅਫਰੀਕਾ ਤੋਂ ਇਲਾਵਾ, FATF ਨੇ ਨਾਈਜੀਰੀਆ, ਮੋਜ਼ਾਮਬੀਕ ਅਤੇ ਬੁਰਕੀਨਾ ਫਾਸੋ ਨੂੰ ਵੀ ਆਪਣੀ ਗ੍ਰੇ ਸੂਚੀ ਵਿੱਚੋਂ ਹਟਾ ਦਿੱਤਾ ਹੈ।


author

cherry

Content Editor

Related News