10,000 ਸਾਲਾਂ ਬਾਅਦ ਫਟਿਆ ਭਿਆਨਕ ਜਵਾਲਾਮੁਖੀ, ਰਾਖ ਦੇ ਗੁਬਾਰ ਕਾਰਨ ਕਈ ਉਡਾਣਾਂ ਪ੍ਰਭਾਵਿਤ

Monday, Nov 24, 2025 - 09:05 PM (IST)

10,000 ਸਾਲਾਂ ਬਾਅਦ ਫਟਿਆ ਭਿਆਨਕ ਜਵਾਲਾਮੁਖੀ, ਰਾਖ ਦੇ ਗੁਬਾਰ ਕਾਰਨ ਕਈ ਉਡਾਣਾਂ ਪ੍ਰਭਾਵਿਤ

ਵੈੱਬ ਡੈਸਕ : ਇਥੀਓਪੀਆ ਵਿੱਚ ਲਗਭਗ 10 ਹਜ਼ਾਰ ਸਾਲਾਂ ਬਾਅਦ ਜਵਾਲਾਮੁਖੀ ਵਿਸਫੋਟ ਕਾਰਨ ਪੈਦਾ ਹੋਏ ਵੱਡੇ ਹਵਾਬਾਜ਼ੀ ਖਤਰੇ ਦੇ ਚੱਲਦਿਆਂ, ਸੋਮਵਾਰ ਨੂੰ ਕੰਨੂਰ ਤੋਂ ਅਬੂ ਧਾਬੀ ਜਾ ਰਹੀ ਇੰਡੀਗੋ ਦੀ ਫਲਾਈਟ 6E 1433 ਨੂੰ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ। ਵਿਗਿਆਨੀਆਂ ਨੇ ਇਸ ਘਟਨਾ ਨੂੰ ਦਰਜ ਕੀਤੇ ਗਏ ਇਤਿਹਾਸ 'ਚ ਇਸ ਖੇਤਰ ਦੀ ਸਭ ਤੋਂ ਅਸਾਧਾਰਨ ਘਟਨਾਵਾਂ ਵਿੱਚੋਂ ਇੱਕ ਦੱਸਿਆ ਹੈ।

10 ਤੋਂ 15 ਕਿਲੋਮੀਟਰ ਦੀ ਉਚਾਈ ਤੱਕ ਉੱਠਿਆ ਗੁਬਾਰ
ਦਰਅਸਲ, ਇਹ ਵਿਸਫੋਟ ਐਤਵਾਰ ਸਵੇਰੇ 8:30 ਵਜੇ ਇਥੀਓਪੀਆ ਦੇ ਅਫਾਰ ਖੇਤਰ ਵਿੱਚ ਸਥਿਤ ਹਾਇਲੀ ਗੂਬੀ ਜਵਾਲਾਮੁਖੀ ਵਿੱਚ ਦਰਜ ਕੀਤਾ ਗਿਆ। ਟੂਲੂਜ਼ ਜਵਾਲਾਮੁਖੀ ਰਾਖ ਸਲਾਹਕਾਰ ਕੇਂਦਰ ਦੇ ਸੈਟੇਲਾਈਟ ਮੁਲਾਂਕਣ ਅਨੁਸਾਰ, ਇਸ ਵਿਸਫੋਟ ਨਾਲ ਰਾਖ ਦਾ ਗੁਬਾਰ 10 ਤੋਂ 15 ਕਿਲੋਮੀਟਰ (KM) ਦੀ ਉਚਾਈ ਤੱਕ ਉੱਠਿਆ। ਇਹ ਰਾਖ ਦੇ ਬੱਦਲ ਲਾਲ ਸਾਗਰ ਦੇ ਪਾਰ ਪੂਰਬ ਵੱਲ ਯਮਨ ਅਤੇ ਓਮਾਨ ਤੱਕ ਵਹਿ ਗਏ ਹਨ। ਓਮਾਨ ਨੇ ਜਵਾਲਾਮੁਖੀ ਗੈਸ ਅਤੇ ਰਾਖ ਦੇ ਸੰਭਾਵਿਤ ਪ੍ਰਭਾਵ ਦੀ ਚੇਤਾਵਨੀ ਜਾਰੀ ਕੀਤੀ ਹੈ।

ਇੰਜਣ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਰਾਖ ਦੇ ਕਣ
ਇੰਡੀਗੋ ਨੇ ਇੱਕ ਬਿਆਨ 'ਚ ਪੁਸ਼ਟੀ ਕੀਤੀ ਹੈ ਕਿ ਫਲਾਈਟ 6E 1433 ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਅਹਿਮਦਾਬਾਦ 'ਚ ਸੁਰੱਖਿਅਤ ਉਤਰ ਗਈ ਹੈ। ਇੰਟਰਨੈਸ਼ਨਲ ਹਵਾਬਾਜ਼ੀ ਪ੍ਰੋਟੋਕੋਲ ਤਹਿਤ ਇਹ ਸਾਵਧਾਨੀ ਵਰਤੀ ਜਾ ਰਹੀ ਹੈ ਕਿਉਂਕਿ ਜਵਾਲਾਮੁਖੀ ਤੋਂ ਨਿਕਲਣ ਵਾਲੇ ਰਾਖ ਦੇ ਕਣ ਜਹਾਜ਼ ਦੇ ਇੰਜਣ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਵਾਪਸ ਕੰਨੂਰ ਲਿਆਉਣ ਲਈ ਇੱਕ ਵਿਸ਼ੇਸ਼ ਰਿਟਰਨ ਫਲਾਈਟ ਦਾ ਸੰਚਾਲਨ ਕੀਤਾ ਜਾਵੇਗਾ। ਅਕਾਸਾ ਏਅਰ ਵਰਗੀਆਂ ਹੋਰ ਏਅਰਲਾਈਨਾਂ ਵੀ ਅੰਤਰਰਾਸ਼ਟਰੀ ਹਵਾਬਾਜ਼ੀ ਪ੍ਰੋਟੋਕੋਲ ਦੇ ਅਨੁਸਾਰ ਜਵਾਲਾਮੁਖੀ ਦੀ ਗਤੀਵਿਧੀ 'ਤੇ ਸਖ਼ਤ ਨਜ਼ਰ ਰੱਖ ਰਹੀਆਂ ਹਨ।

ਉੱਤਰੀ ਭਾਰਤ ਵੱਲ ਵਧ ਰਿਹਾ ਹੈ ਰਾਖ ਦਾ ਗੁਬਾਰ
ਜਵਾਲਾਮੁਖੀ ਵਿਸਫੋਟ ਤੋਂ ਨਿਕਲੀ ਰਾਖ ਦੇ ਗੁਬਾਰ ਦਾ ਅਨੁਮਾਨ ਉੱਤਰੀ ਭਾਰਤ ਵੱਲ ਵਧਣ ਦਾ ਵੀ ਹੈ। ਇਸ ਚਿਤਾਵਨੀ ਦੇ ਮੱਦੇਨਜ਼ਰ, ਭਾਰਤੀ ਹਵਾਬਾਜ਼ੀ ਅਥਾਰਟੀ ਅਤੇ ਏਅਰਲਾਈਨਾਂ ਨੇ ਸੋਮਵਾਰ ਸ਼ਾਮ ਤੋਂ ਦਿੱਲੀ ਅਤੇ ਜੈਪੁਰ ਦੀਆਂ ਫਲਾਈਟਾਂ ਦੇ ਸੰਚਾਲਨ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।


author

Baljit Singh

Content Editor

Related News