ਕੋਰੋਨਾ ਆਫ਼ਤ: ਦੱਖਣੀ ਅਫਰੀਕਾ ਨੇ ਭਾਰਤ ਤੋਂ ਪ੍ਰਾਪਤ 'ਐਸਟ੍ਰਾਜ਼ੇਨੇਕਾ' ਟੀਕੇ 14 ਦੇਸਾਂ ਨੂੰ ਵੇਚੇ
Monday, Mar 22, 2021 - 10:39 AM (IST)
ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਜਵੇਲੀ ਮਖਿਜੇ ਨੇ ਭਾਰਤ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ' ਤੋਂ ਪ੍ਰਾਪਤ ਕੋਵਿਡ-19 ਐਂਟੀ ਟੀਕੇ 'ਐਸਟ੍ਰਾਜ਼ੇਨੇਕਾ' ਦੀਆਂ 10 ਲੱਖ ਖੁਰਾਕਾਂ ਵੇਚਣ ਦੀ ਪੁਸ਼ਟੀ ਕੀਤੀ ਹੈ। ਇਹ ਖੇਪ ਉਸ ਨੂੰ ਪਿਛਲੇ ਮਹੀਨੇ ਮਿਲੀ ਸੀ। ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਖ਼ਿਲਾਫ਼ ਟੀਕੇ ਦੇ ਸੀਮਤ ਪ੍ਰਭਾਵ ਹੋਣ ਦੀ ਗੱਲ ਸਾਹਮਣੇ ਆਉਣ ਦੇ ਬਾਅਦ ਦੱਖਣੀ ਅਫਰੀਕਾ ਨੇ ਇਸ ਨੂੰ ਆਪਣੇ ਸਿਹਤ ਕਰਮੀਆਂ ਨੂੰ ਲਗਾਉਣ ਦੀ ਯੋਜਨਾ ਫਿਲਹਾਲ ਮੁਲਤਵੀ ਕਰ ਦਿੱਤੀ ਅਤੇ ਹੁਣ ਇਸ ਨੂੰ 14 ਅਫਰੀਕੀ ਦੇਸ਼ਾਂ ਨੂੰ ਵੇਚ ਦਿੱਤਾ ਗਿਆ।
ਦੱਖਣੀ ਅਫਰੀਕਾ ਨੇ ਹਜ਼ਾਰਾਂ ਸਿਹਤ ਕਰਮੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਇਕ ਹੋਰ ਟੀਕਾ ਲਗਾਉਣ ਦਾ ਵਿਕਲਪ ਚੁਣਿਆ ਹੈ।ਭਾਵੇਂਕਿ ਦੇਸ਼ ਵਿਚ ਟੀਕਿਆਂ ਦੀ ਵੰਡ ਵਿਚ ਦੇਰੀ ਵਿਚ ਤਿੰਨ ਪੜਾਅ ਦੇ ਨਿਰਧਾਰਿਤ ਟੀਕਾਕਰਨ ਪ੍ਰੋਗਰਾਮ ਦੀ ਹੌਲੀ ਗਤੀ ਨੂੰ ਲੈਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਜਵੇਲੀ ਮਖਿਜੇ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ,''ਪਿਛਲੇ ਕੁਝ ਹਫ਼ਤਿਆਂ ਵਿਚ ਵਿਭਾਗ ਨੂੰ ਇਹ ਯਕੀਨੀ ਕਰਨਾ ਪਿਆ ਕਿ ਅਫਰੀਕੀ ਸੰਘ (ਏ.ਯੂ.) ਟੀਕਾ ਗ੍ਰਹਿਣ ਕਰਨ ਵਾਲੀਆਂ ਟੀਮਾਂ ਦੁਆਰਾ ਟੀਕਾ ਲੈਣ ਵਾਲੇ ਜਿਹੜੇ ਦੇਸ਼ਾਂ ਦੀ ਪਛਾਣ ਕੀਤੀ ਗਈ ਹੈ, ਉਹਨਾਂ ਕੋਲ ਰੈਗੁਲੇਟਰਾਂ ਦੀ ਇਜਾਜ਼ਤ ਅਤੇ ਲਾਇਸੈਂਸ ਹੋਵੇ।''
ਪੜ੍ਹੋ ਇਹ ਅਹਿਮ ਖਬਰ- ਮਿੰਟੂ ਬਰਾੜ ਤੀਸਰੀ ਵਾਰੀ “ਗਵਰਨਰ ਮਲਟੀਕਲਚਰ ਐਵਾਰਡ” ਨਾਲ ਸਨਮਾਨਿਤ
ਮਖਿਜੇ ਨੇ ਪੁਸ਼ਟੀ ਕੀਤੀ ਕਿ ਪਿਛਲੇ ਹਫ਼ਤੇ ਸੋਮਵਾਰ ਤੱਕ ਸਿਹਤ ਵਿਭਾਗ ਨੂੰ ਪੂਰਨ ਖਰੀਦ ਰਾਸ਼ੀ ਮਿਲ ਗਈ ਸੀ। ਭਾਵੇਂਕਿ ਇਹ ਰਾਸ਼ੀ ਕਿੰਨੀ ਹੈ, ਇਸ ਸਬੰਧੀ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ। ਮੰਤਰੀ ਨੇ ਕਿਹਾ,''ਏ.ਯੂ. ਅਤੇ ਦੱਖਣੀ ਅਫਰੀਕੀ ਦਲਾਂ ਨੇ ਫਿਰ ਇਹ ਯਕੀਨੀ ਕੀਤਾ ਕਿ ਟੀਕਿਆਂ ਨੂੰ ਭੇਜੇ ਜਾਣ ਲਈ ਠੀਕ ਵਿਵਸਥਾ ਕੀਤੀ ਜਾਵੇ।'' ਦੱਖਣੀ ਅਫਰੀਕਾ ਵਿਚ 'ਐਸਟ੍ਰਾਜ਼ੇਨੇਕਾ' ਦੇ ਟੀਕਿਆਂ ਦੀ ਵਰਤੋਂ ਅਜਿਹੇ ਸਮੇਂ ਵਿਚ ਰੋਕੀ ਗਈ ਹੈ ਜਦੋਂ ਇਸ ਨੂੰ ਲਗਾਉਣ ਦੇ ਬਾਅਦ ਖੂਨ ਦੇ ਥੱਕੇ ਜੰਮਣ ਦੇ ਕੁਝ ਮਾਮਲੇ ਸਾਹਮਣੇ ਆਉਣ ਸੰਬੰਧੀ ਖ਼ਬਰਾਂ ਆ ਰਹੀਆਂ ਹਨ। ਏ.ਯੂ. ਦੇ 9 ਦੇਸ਼ਾਂ ਲਈ ਟੀਕੇ ਦੀ ਪਹਿਲੀ ਖੇਪ ਐਤਵਾਰ ਨੂੰ ਰਵਾਨਾ ਕੀਤੀ ਗਈ। ਹੋਰ ਪੰਜ ਦੇਸ਼ਾਂ ਨੂੰ ਆਉਣ ਵਾਲੇ ਹਫ਼ਤਿਆਂ ਵਿਚ ਟੀਕੇ ਭੇਜੇ ਜਾਣਗੇ।
ਨੋਟ- ਦੱਖਣੀ ਅਫਰੀਕਾ ਨੇ ਭਾਰਤ ਤੋਂ ਪ੍ਰਾਪਤ 'ਐਸਟ੍ਰਾਜ਼ੇਨੇਕਾ' ਟੀਕਿਆਂ ਦੀ ਵਿਕਰੀ ਦੀ ਕੀਤੀ ਪੁਸ਼ਟੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।