ਇਸ ਦੇਸ਼ ''ਚ ਕੁੜੀਆਂ ਸਿਰਫ 22 ਰੁਪਏ ''ਚ ਕਰ ਰਹੀਆਂ ਨੇ ਦੇਹ ਵਪਾਰ

02/03/2020 2:10:23 PM

ਜੋਹਾਨਸਬਰਗ (ਬਿਊਰੋ): ਭੋਜਨ ਦੀ ਕਮੀ ਨਾਲ ਜੂਝ ਰਹੇ ਦੱਖਣੀ ਅਫਰੀਕਾ ਦਾ ਖੌਫਨਾਕ ਰੂਪ ਸਾਹਮਣੇ ਆਇਆ ਹੈ। ਇੱਥੇ ਖਾਣੇ ਦਾ ਸਾਮਾਨ ਜੁਟਾਉਣ ਲਈ ਨਾਬਾਲਗ ਕੁੜੀਆਂ ਸਿਰਫ 22 ਰੁਪਏ ਵਿਚ ਖੁਦ ਨੂੰ ਵੇਚ ਰਹੀਆਂ ਰਹੀਆਂ ਹਨ। ਉੱਥੇ ਕੁਝ ਬਿਹਤਰ ਸਥਿਤੀ ਵਿਚ ਕੁੜੀਆਂ ਨੂੰ 70-80 ਰੁਪਏ ਵੀ ਮਿਲ ਰਹੇ ਹਨ।ਇਕ ਸਮਾਚਾਰ ਏਜੰਸੀ ਦੇ ਮੁਤਾਬਕ ਮਨੁੱਖੀ ਆਧਾਰ 'ਤੇ ਲੋਕਾਂ ਨੂੰ ਮਦਦ ਪਹੁੰਚਾਉਣ ਵਾਲੀ ਅੰਤਰਰਾਸ਼ਟਰੀ ਸੰਸਥਾ ਵਰਲਡ ਵਿਜ਼ਨ ਨੇ ਕਿਹਾ ਹੈ ਕਿ ਭੁੱਖ ਤੋਂ ਜਾਨ ਬਚਾਉਣ ਲਈ ਅੰਗੋਲਾ ਵਿਚ ਸਿਰਫ 12 ਸਾਲ ਤੱਕ ਦੀ ਕੁੜੀ ਕਰੀਬ 30 ਰੁਪਏ ਵਿਚ ਵੇਸਵਾਪੁਣਾ ਕਰ ਰਹੀ ਹੈ। 

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਦੱਖਣੀ ਅਫਰੀਕਾ ਵਿਚ ਸਾਢੇ 4 ਕਰੋੜ ਲੋਕ ਭੁੱਖ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਪਿੱਛੇ ਸੋਕਾ, ਹੜ੍ਹ ਅਤੇ ਆਰਥਿਕ ਹਾਲਾਤ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਵਰਡਲ ਵਿਜ਼ਨ ਦਾ ਕਹਿਣਾ ਹੈ ਕਿ ਉਹਨਾਂ ਦੇ ਸਟਾਫ ਨੇ ਦੇਖਿਆ ਹੈ ਕਿ ਅੰਗੋਲਾ ਅਤੇ ਜ਼ਿੰਬਾਬਵੇ ਵਿਚ ਵੇਸਵਾਪੁਣਾ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਉੱਥੇ ਸੰਕਟ ਦੇ ਕਾਰਨ ਬਾਲ ਵਿਆਹ ਦਾ ਖਤਰਾ ਵੀ ਵੱਧ ਗਿਆ ਹੈ। 

ਅੰਗੋਲਾ ਵਿਚ ਵਰਲਡ ਵਿਜ਼ਨ ਦੇ ਐਮਰਜੈਂਸੀ ਡਾਇਰੈਕਟਰ ਰੌਬਰਟ ਬੁਲਟਨ ਨੇ ਕਿਹਾ,''ਸੰਭਵ ਹੈ ਕਿ ਇੱਥੇ ਇਕ ਕੁੜੀ ਨੂੰ ਦੇਹ ਵਪਾਰ ਲਈ 72 ਰੁਪਏ (ਸਥਾਨਕ ਮੁਦਰਾ 500 kwanzas) ਮਿਲ ਜਾਣ ਜਾਂ ਉਸਨੂੰ 29 ਰੁਪਏ (200 kwanzas)ਵੀ ਮਿਲ ਸਕਦੇ ਹਨ।'' ਰੌਬਰਟ ਨੇ ਕਿਹਾ ਕਿ ਬੀਤੇ ਇਕ ਸਾਲ ਵਿਚ ਅੰਗੋਲਾ ਵਿਚ ਕਈ ਅਨਾਜ਼ਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ, ਜਿਸ ਨਾਲ ਸਧਾਰਨ ਲੋਕਾਂ ਲਈ ਉਹਨਾਂ ਨੂੰ ਖਰੀਦਣ ਵਿਚ ਮੁਸ਼ਕਲ ਹੋ ਰਹੀ ਹੈ। ਅਗਲੀ ਫਸਲ ਜੂਨ ਤੋਂ ਪਹਿਲਾਂ ਨਹੀਂ ਹੋਵੇਗੀ। ਇਸ ਲਈ ਹਾਲੇ ਹਾਲਾਤ ਹੋਰ ਖਰਾਬ ਹੋ ਸਕਦੇ ਹਨ। 

ਜ਼ਿੰਬਾਬਵੇ ਨੂੰ ਲੈ ਕੇ ਕੇਯਰ ਇੰਟਰਨੈਸ਼ਨਲ ਸੰਸਥਾ ਨੇ ਵੀ ਕਿਹਾ ਹੈ ਕਿ 14 ਸਾਲ ਤੱਕ ਦੀਆਂ ਕੁੜੀਆਂ ਵੇਸਵਾਪੁਣਾ ਕਰ ਰਹੀਆਂ ਹਨ। ਸੰਸਥਾ ਦੀ ਖੇਤਰੀ ਲਿੰਗ ਮਾਹਰ ਐਵਰਜੌਏ ਮਹੁਕੁ ਨੇ ਕਿਹਾ,''ਕਈ ਵਾਰ ਇਹਨਾਂ ਕੁੜੀਆਂ ਨੂੰ ਸਿਰਫ 22 ਰੁਪਏ ਹੀ ਮਿਲਦੇ ਹਨ।'' ਐਕਸ਼ਨ ਐਡ ਦੇ ਖੇਤਰੀ ਸਲਾਹਕਾਰ ਚਿਕੋਨਡੀ ਚਬਵੁਤਾ ਨੇ ਕਿਹਾ ਕਿ ਮਲਾਵੀ ਅਤੇ ਮੋਜ਼ੰਬੀਕ ਵਿਚ ਵੀ ਕੁੜੀਆਂ ਅਤੇ ਔਰਤਾਂ ਨੂੰ ਜ਼ਬਰਦਸਤੀ ਵੇਸਵਾਪੁਣਾ ਕਰਨਾ ਪੈ ਰਿਹਾ ਹੈ। ਅਫਰੀਕਾ ਦੇ ਕੁਝ ਹਿੱਸਿਆਂ ਵਿਚ 1981 ਦੇ ਬਾਅਦ ਹੁਣ ਤੱਕ ਦਾ ਸਭ ਤੋਂ ਘੱਟ ਮੀਂਹ ਪਿਆ ਹੈ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਜਲਵਾਯੂ ਤਬਦੀਲੀ ਵੱਡਾ ਕਾਰਨ ਹੋ ਸਕਦਾ ਹੈ। ਜਾਂਬੀਆ, ਮੈਡਾਗਾਸਕਰਸ ਨਾਮੀਬੀਆ, ਲੇਸੋਥੋ ਅਤੇ ਇਸਵਾਤਿਨੀ ਜਿਹੇ ਅਫਰੀਕੀ ਦੇਸ਼ ਵੀ ਜਲਵਾਯੂ ਤਬਦੀਲੀ ਨਾਲ ਪ੍ਰਭਾਵਿਤ ਹੋਏ ਹਨ।


Vandana

Content Editor

Related News