ਕੋਵਿਡ-19 : ਦੱਖਣੀ ਅਫਰੀਕਾ ਨੇ ਈਸਟਰ ਮੌਕੇ ਸ਼ਰਾਬ ਦੀ ਵਿਕਰੀ ''ਤੇ ਲਾਈ ਪਾਬੰਦੀ

Wednesday, Mar 31, 2021 - 01:21 PM (IST)

ਕੋਵਿਡ-19 : ਦੱਖਣੀ ਅਫਰੀਕਾ ਨੇ ਈਸਟਰ ਮੌਕੇ ਸ਼ਰਾਬ ਦੀ ਵਿਕਰੀ ''ਤੇ ਲਾਈ ਪਾਬੰਦੀ

ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ 4 ਦਿਨੀ ਈਸਟਰ ਵੀਕੈਂਡ 'ਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਧਾਰਮਿਕ ਸਮਾਰੋਹਾਂ ਲਈ ਇਕੱਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਇਹ ਘੋਸ਼ਣਾ ਕੀਤੀ ਹੈ।

ਗੌਰਤਲਬ ਹੈਕਿ ਵੀਕੈਂਡ 'ਤੇ ਈਸਾਈ ਅਤੇ ਯਹੂਦੀ ਭਾਈਚਾਰਿਆਂ ਦੇ ਵੱਡੇ ਧਾਰਮਿਕ ਸਮਾਰੋਹਾਂ ਵਿਚ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਨਾਲ ਕੋਵਿਡ-19 ਇਨਫੈਕਸ਼ਨ ਦੀ ਤੀਜੀ ਲਹਿਰ ਸ਼ੁਰੂ ਹੋਣ ਦੇ ਖਦਸ਼ੇ ਨਾਲ ਵੀ ਸਰਕਾਰ ਚਿੰਤਤ ਹੈ। ਰਾਸ਼ਟਰਪਤੀ ਨੇ ਮੰਗਲਵਾਰ ਨੂੰ ਇਕ ਰਾਸ਼ਟਰ ਪੱਧਰੀ ਪ੍ਰਸਾਰਨ ਵਿਚ ਕਿਹਾ,''ਸ਼ਰਾਬ ਪੀ ਕੇ ਗੈਰ ਜ਼ਿੰਮੇਵਾਰੀ ਵਾਲਾ ਵਿਵਹਾਰ ਕਰਨ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਈਸਟਰ ਵੀਕੈਂਡ 'ਤੇ ਕੁਝ ਪਾਬੰਦੀਆਂ ਲਗਾਵਾਂਗੇ। ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ। ਬਾਰ ਅਤੇ ਰੈਸਟੋਰੈਂਟ ਵਿਚ ਸ਼ਰਾਬ ਵੇਚੀ ਜਾ ਸਕੇਗੀ ਪਰ ਇਹ ਰਾਤ 11 ਵਜੇ ਬੰਦ ਹੋ ਜਾਣਗੇ।'' ਕਿਸੇ ਸਥਾਨ ਦੇ ਅੰਦਰ ਧਾਰਮਿਕ ਸਮਾਰੋਹ ਵਿਚ ਵੱਧ ਤੋਂ ਵੱਧ 250 ਲੋਕਾਂ ਦੇ ਇਕੱਠ ਦੀ ਮਨਜ਼ੂਰੀ ਹੋਵੇਗੀ ਜਦਕਿ ਬਾਹਰ ਹੋਣ ਵਾਲੇ ਪ੍ਰੋਗਰਾਮਾਂ ਵਿਚ 500 ਲੋਕਾਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਨੇ ਏਸ਼ੀਆਈ ਲੋਕਾਂ ਖ਼ਿਲਾਫ਼ ਹੋ ਰਹੀ ਹਿੰਸਾ ਨਾਲ ਨਜਿੱਠਣ ਲਈ ਕੀਤੀ ਇਹ ਘੋਸ਼ਣਾ

ਰਾਮਫੋਸਾ ਨੇ ਇਹ ਘੋਸ਼ਣਾ ਉਦੋਂ ਕੀਤੀ ਹੈ ਜਦੋਂ ਉਹਨਾਂ ਨੇ ਮੰਗਲਵਾਰ ਨੂੰ ਸਿਹਤ ਮਾਹਰਾਂ ਅਤੇ ਧਾਰਮਿਕ ਨੇਤਾਵਾਂ ਨਾਲ ਕੋਵਿਡ-19 ਦੀ ਨਵੀਂ ਲਹਿਰ ਨੂੰ ਫੈਲਣ ਤੋਂ ਰੋਕਣ ਦੇ ਢੰਗਾਂ 'ਤੇ ਚਰਚਾ ਕੀਤੀ।ਨਾਲ ਹੀ ਉਹਨਾਂ ਨੇ ਦੱਖਣੀ ਅਫਰੀਕਾ ਦੇ ਉਹਨਾਂ ਸਾਰੇ ਨਾਗਰਿਕਾਂ ਨੂੰ ਧਾਰਮਿਕ ਸਭਾਵਾਂ ਵਿਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ ਜੋ ਕੋਵਿਡ-19 ਦੇ ਲਿਹਾਜ ਨਾਲ ਸੰਵੇਦਨਸ਼ੀਲ ਹਨ ਜਿਵੇਂ ਕਿ ਬਜ਼ੁਰਗ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਲੋਕ। 

ਰਾਮਫੋਸਾ ਨੇ ਕਿਹਾ ਕਿ ਅਗਲੇ 15 ਦਿਨਾਂ ਵਿਚ ਸਮਾਹੋਰਾਂ ਵਿਚ ਲੋਕਾਂ ਦੀ ਗਿਣਤੀ ਨੂੰ ਲੈਕੇ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਜਾਵੇਗੀ। ਉਹਨਾਂ ਨੇ ਕਿਹਾ,''ਅਸੀਂ ਸਥਿਤੀ 'ਤੇ ਕਰੀਬ ਨਾਲ ਨਜ਼ਰ ਰੱਖਾਂਗੇ ਅਤੇ ਬੀਮਾਰੀ ਦੇ ਮੁੜ ਤੋਂ ਫੈਲਣ ਦੇ ਕਿਸੇ ਵੀ ਸੰਕੇਤ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਕਰਾਂਗੇ। ਹੁਣ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਸਾਵਧਾਨੀ ਵਰਤਣ ਦੀ ਲੋੜ ਹੈ।'' ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ ਦੇ 15 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜੋ ਅਫਰੀਕਾ ਵਿਚ ਸਭ ਤੋਂ ਵੱਧ ਮਾਮਲੇ ਹਨ। ਦੇਸ਼ ਵਿਚ ਇਸ ਮਹਾਮਾਰੀ ਨਾਲ 52,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ-  ਦੱਖਣੀ ਅਫਰੀਕਾ ਨੇ ਈਸਟਰ ਮੌਕੇ ਸ਼ਰਾਬ ਦੀ ਵਿਕਰੀ 'ਤੇ ਲਾਈ ਪਾਬੰਦੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News