ਦੱਖਣੀ ਅਫਰੀਕਾ ''ਚ ਭਾਰਤੀ ਮੂਲ ਦੇ ਡਰੱਗ ਤਸਕਰ ਦਾ ਕਤਲ
Tuesday, Jan 05, 2021 - 06:09 PM (IST)
ਜੋਹਾਨਸਬਰਗ (ਭਾਸ਼ਾ): ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਇਕ ਕਥਿਤ ਨਸ਼ੀਲੇ ਪਦਾਰਥਾਂ ਦੇ ਤਸਕਰ ਦਾ ਉਸ ਦੇ ਹੀ ਘਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਗਰੋਂ ਗੁੱਸੇ ਵਿਚ ਆਏ ਉਸ ਦੇ ਸਮਰਥਕਾਂ ਨੇ ਦੋ ਸ਼ੱਕੀ ਕਾਤਲਾਂ ਦੇ ਸਿਰ ਕੱਟ ਦਿੱਤੇ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। 'ਟੇਡੀ ਮਾਫੀਆ' ਦੇ ਨਾਮ ਨਾਲ ਮਸ਼ਹੂਰ ਯਾਗਨਾਥਨ ਪਿਲੱਈ ਨੂੰ ਉਸ ਦੇ ਸ਼ੈਲਕ੍ਰਾਸ ਸਥਿਤ ਘਰ ਵਿਚ ਹੀ ਸਿਰ ਵਿਚ ਦੋ ਵਾਰ ਗੋਲੀ ਮਾਰੀ ਗਈ।
ਸਥਾਨਕ ਪੁਲਸ ਦੇ ਮੁਤਾਬਕ, ਪਿਲੱਈ ਨੂੰ ਮਿਲਣ ਲਈ ਕੋਈ ਆਉਣ ਵਾਲਾ ਸੀ, ਇਸ ਲਈ ਉਸ ਦੀ ਬੇਟੀ ਨੇ ਦੋ ਲੋਕਾਂ ਨੂੰ ਘਰ ਵਿਚ ਦਾਖਲ ਹੋਣ ਦਿੱਤਾ। ਇਸ ਮਗਰੋਂ ਉਸ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਪੁਲਸ ਦੇ ਮੁਤਾਬਕ, ਭਾਈਚਾਰੇ ਦੇ ਕੁਝ ਲੋਕ ਪਿਲੱਈ ਨੂੰ ਇਕ ਸਥਾਨਕ ਹਸਪਤਾਲ ਵਿਚ ਲੈ ਗਏ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਇਸ ਦੌਰਾਨ ਕੁਝ ਹੋਰ ਲੋਕਾਂ ਨੇ ਦੋਹਾਂ ਕਥਿਤ ਕਾਤਲਾਂ ਨੂੰ ਘੇਰ ਲਿਆ, ਉਹਨਾਂ ਨੂੰ ਕੁੱਟਿਆ, ਗੋਲੀ ਮਾਰੀ, ਉਹਨਾਂ ਦੇ ਸਿਰ ਕੱਟ ਕੇ ਸੜਕ 'ਤੇ ਹੀ ਉਹਨਾਂ ਦੀਆਂ ਲਾਸ਼ਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪਿਲੱਈ (59) ਦੇ ਘਰ ਪਿਛਲੇ ਸਾਲ ਛਾਪੇਮਾਰੀ ਕੀਤੀ ਗਈ ਸੀ ਅਤੇ ਉਸ ਦੇ ਖਿਲਾਫ਼ ਗੈਰ ਕਾਨੂੰਨੀ ਢੰਗ ਨਾਲ ਹਥਿਆਰ ਅਤੇ ਗੋਲਾ ਬਾਰੂਦ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- Aus : ਫੈਡਰਲ ਚੋਣਾਂ ਲਈ ਵਾਧੂ 30 ਮਿਲੀਅਨ ਆਸਟ੍ਰੇਲੀਆਈ ਡਾਲਰ ਲਾਗਤ ਆਉਣ ਦੀ ਸੰਭਾਵਨਾ
ਇਕ ਸਥਾਨਕ ਵਸਨੀਕ ਨੇ ਦੱਸਿਆ ਕਿ ਪਿਲੱਈ ਇੱਥੇ ਬਹੁਤ ਲੋਕਪ੍ਰਿਅ ਸੀ, ਉਸ ਨੂੰ ਇੱਥੇ 'ਰਾਬਿਨ ਹੁੱਡ' ਮੰਨਿਆ ਜਾਂਦਾ ਸੀ। ਉਹ ਹਮੇਸ਼ਾ ਭਾਈਚਾਰੇ ਦੇ ਲੋਕਾਂ ਦੀ ਮਦਦ ਕਰਦਾ ਸੀ ਭਾਵੇਂ ਉਹ ਗੈਰ ਕਾਨੂੰਨੀ ਪੈਸੇ ਨਾਲ ਹੀ ਅਜਿਹਾ ਕਰਦਾ ਸੀ। ਪੁਲਸ ਬੁਲਾਰੇ ਬ੍ਰਿਗੇਡੀਅਰ ਜੈ ਨੈਕਰ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਅਤੇ ਨਿੱਜੀ ਸੁਰੱਖਿਆ ਅਧਿਕਾਰੀਆਂ 'ਤੇ ਵੀ ਭਾਈਚਾਰੇ ਦੇ ਲੋਕਾਂ ਨੇ ਗੋਲੀਆਂ ਚਲਾਈਆਂ। ਇਸ ਦੇ ਬਾਅਦ ਭੀੜ ਨੂੰ ਖਦੇੜਨ ਲਈ ਪਬਲਿਕ ਆਰਡਰ ਪੋਲਿਸਿੰਗ ਯੂਨਿਟ ਨੂੰ ਬੁਲਾਇਆ ਗਿਆ। ਇਲਾਕੇ ਵਿਚ ਸਥਿਤੀ ਹੁਣ ਵੀ ਤਣਾਅਪੂਰਨ ਬਣੀ ਹੋਈ ਹੈ। ਇਲਾਕੇ ਵਿਚ ਨਸ਼ੀਲੇ ਪਦਾਰਥ ਤਸਕਰਾਂ ਦੇ ਵਿਚ ਦਬਦਬਾ ਕਾਇਮ ਕਰਨ ਨੂੰ ਲੈ ਕੇ ਕਾਫੀ ਸਮੇਂ ਤੋਂ ਲੜਾਈ ਜਾਰੀ ਹੈ। ਪਿਛਲੇ 10 ਮਹੀਨਿਆਂ ਵਿਚ ਪਿਲੱਈ, ਉਹਨਾਂ ਦੇ 32 ਸਾਲਾ ਬੇਟੇ ਸਮੇਤ ਕਈ ਲੋਕਾਂ ਦਾ ਕਤਲ ਕਰ ਦਿੱਤਾ ਗਿਆ।