ਕਈ ਦੁੱਖ ਸਹਿਣ ਮਗਰੋਂ ਇਸ ਵਿਦੇਸ਼ੀ ਨੂੰ ਮਿਲੀ ਕੈਨੇਡਾ ਦੀ ਨਾਗਰਿਕਤਾ, ਖੁਸ਼ੀ ''ਚ ਸਾਰਾ ਪਰਿਵਾਰ

06/24/2017 2:32:33 PM

ਕੈਨੇਡਾ— ਟੋਰਾਂਟੋ ਵਿੱਚ ਪੈਦਾ ਹੋਏ ਰੂਸੀ ਜਾਸੂਸ ਜੋੜੇ ਦੇ ਮੁੰਡੇ ਅਲੈਗਜੈਂਡਰ ਵੇਵੀਲੌਵ ਨੇ ਕੈਨੇਡੀਅਨ ਨਾਗਰਿਕਤਾ ਮੁੜ ਹਾਸਲ ਕਰਨ ਲਈ ਅਦਾਲਤੀ ਲੜਾਈ ਜਿੱਤ ਲਈ ਹੈ। ਉਸ ਦੀ ਨਾਗਰਿਕਤਾ ਨੂੰ ਓਟਾਵਾ ਵੱਲੋਂ ਰੱਦ ਕਰ ਦਿੱਤਾ ਗਿਆ ਸੀ।  ਅਲੈਗਜੈਂਡਰ ਵੇਵੀਲੌਵ ਦੇ ਮਾਮਲੇ ਵਿੱਚ 'ਫੈਡਰਲ ਕੋਰਟ ਆਫ ਅਪੀਲ' ਦਾ ਇਹ ਫੈਸਲਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ ਤੇ ਇਹ ਫੈਸਲਾ ਉਸ ਦੇ ਪੱਖ ਵਿੱਚ ਹੀ ਆਇਆ। ਵੇਵੀਲੌਵ ਦਾ ਜਨਮ 1994 ਵਿੱਚ ਡੋਨਾਲਡ ਹੈਥਫੀਲਡ ਤੇ ਟਰੇਸੀ ਐਨ ਫੋਲੇ ਦੇ ਘਰ ਅਲੈਗਜੈਂਡਰ ਫਿਲਿਪ ਐਂਥਨੀ ਫੋਲੇ ਵਜੋਂ ਹੋਇਆ ਸੀ। ਅਗਲੇ ਸਾਲ ਹੀ ਇਹ ਪਰਿਵਾਰ ਵੱਡੇ ਮੁੰਡੇ ਟਿਮੋਥੀ ਸਮੇਤ ਕੈਨੇਡਾ ਛੱਡ ਕੇ ਫਰਾਂਸ ਚਲਾ ਗਿਆ, ਜਿੱਥੇ ਉਨ੍ਹਾਂ ਚਾਰ ਸਾਲ ਬਿਤਾਏ ਤੇ ਫਿਰ ਅਮਰੀਕਾ ਆ ਗਿਆ।
ਅਲੈਗਜੈਂਡਰ ਦੀ ਜ਼ਿੰਦਗੀ ਵਿੱਚ ਉਦੋਂ ਹਲਚਲ ਮਚ ਗਈ ਜਦੋਂ ਜੂਨ 2010 ਵਿੱਚ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਸ ਪਰਿਵਾਰ ਦੇ ਬੋਸਟਨ ਏਰੀਆ ਵਿੱਚ ਸਥਿਤ ਘਰ ਵਿੱਚ ਦਾਖਲ ਹੋ ਕੇ ਤਲਾਸ਼ੀ ਲੈਣੀ ਸ਼ੁਰੂ ਕੀਤੀ। ਅਦਾਲਤ ਨੂੰ ਦਿੱਤੇ ਹਲਫਨਾਮੇ ਵਿੱਚ ਅਲੈਗਜੈਂਡਰ ਨੇ ਕਿਹਾ ਕਿ ਉਸ ਨੂੰ ਯਾਦ ਹੈ ਕਿ ਕਿਸ ਤਰ੍ਹਾਂ ਐੱਫ.ਬੀ.ਆਈ. ਦੇ ਏਜੰਟ ਸਾਡੇ ਘਰ ਹਥਿਆਰ ਲੈ ਕੇ ਦਾਖਲ ਹੋਏ ਤੇ ਉਸ ਦੀਆਂ ਅੱਖਾਂ ਸਾਹਮਣੇ ਹੀ ਉਸ ਦੇ ਮਾਪਿਆਂ ਨੂੰ ਹੱਥਕੜੀ ਲਗਾ ਦਿੱਤੀ ਗਈ ਤੇ ਫਿਰ ਉਸ ਨੂੰ ਇੱਕ ਕਾਲੇ ਰੰਗ ਦੀ ਕਾਰ ਵਿੱਚ ਲਿਜਾਇਆ ਗਿਆ ਤੇ ਦੱਸਿਆ ਗਿਆ ਕਿ ਉਸ ਦੇ ਮਾਪਿਆਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ।
ਕੁੱਲ ਮਿਲਾ ਕੇ 11 ਲੋਕਾਂ ਨੂੰ ਜਿਨਾਂ ਵਿੱਚੋਂ ਚਾਰ ਵੱਲੋਂ ਕੈਨੇਡੀਅਨ ਹੋਣ ਦਾ ਦਾਅਵਾ ਕੀਤਾ ਗਿਆ, ਉੱਤੇ ਸੀਕਰੇਟ ਏਜੰਟਸ ਵਜੋਂ ਅਮਰੀਕਾ ਖਿਲਾਫ ਸਾਜਿਸ਼ ਰਚਨ ਦੇ ਦੋਸ਼ ਲਾਏ ਗਏ। ਅਲੈਗਜੈਂਡਰ ਨੇ ਹਾਈ ਸਕੂਲ ਦੀ ਪੜ੍ਹਾਈ ਅੰਗਰੇਜ਼ੀ ਰਾਹੀਂ ਰੂਸ ਤੋਂ ਕੀਤੀ। ਉਸ ਨੇ ਕੈਨੇਡੀਅਨ ਅਧਿਕਾਰੀਆਂ ਦੀ ਸਲਾਹ ਉੱਤੇ ਆਪਣੀ ਗੋਤ ਵੀ ਬਦਲ ਲਿਆ  ਪਰ ਬਾਅਦ ਵਿੱਚ ਕੈਨੇਡਾ ਨੇ ਉਸ ਨੂੰ ਆਪਣਾ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ। ਰਜਿਸਟਰਾਰ ਦਾ ਤਰਕ ਸੀ ਕਿ ਉਸ ਦੇ ਮਾਪੇ ਵਿਦੇਸ਼ੀ ਸਰਕਾਰ ਦੇ ਮੁਲਾਜਮ ਸਨ ਤੇ ਇਸ ਲਈ ਉਹ ਕੈਨੇਡਾ ਦਾ ਨਾਗਰਿਕ ਨਹੀਂ ਹੋ ਸਕਦਾ। ਦੋ ਸਾਲ ਪਹਿਲਾਂ ਫੈਡਰਲ ਕੋਰਟ ਨੇ ਵੀ ਇਸ ਫੈਸਲੇ ਨੂੰ ਬਰਕਰਾਰ ਰੱਖਿਆ। ਲੰਬੇ ਸਮੇਂ ਤੋਂ ਚੱਲ ਰਿਹਾ ਇਹ ਮੁਕੱਦਮਾ ਹੁਣ ਖਤਮ ਹੋਇਆ ਹੈ ਤੇ ਇਸ ਪਰਿਵਾਰ ਨੇ ਕਿਹਾ ਕਿ ਉਹ ਹੁਣ ਖੁਸ਼ ਹਨ।


Related News